ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੀਜੇਪੀ ਨੂੰ ਆਪਣੀ ਸੰਪਤੀ ਦਾ ਵੇਰਵਾ ਜਨਤਕ ਕਰਨ ਦੀ ਚੁਨੌਤੀ ਦਿੱਤੀ ਹੈ। ਰਾਜਨੀਤਕ ਚੰਦੇ ਵਿੱਚ ਪਾਰਦਰਸ਼ਤਾ ਲਿਆਉਣ ਦੀ ਵਕਾਲਤ ਕਰਦੇ ਹੋਏ ਕੇਜਰੀਵਾਲ ਨੇ ਇਹ ਬਿਆਨ ਦਿੱਤਾ ਹੈ। ਇਸ ਦੇ ਨਾਲ ਹੀ ਕੇਜਰੀਵਾਲ ਨੇ ਨੋਟਬੰਦੀ ਨੂੰ ਤੁਰੰਤ ਵਾਪਸ ਲੈਣ ਦੀ ਗੱਲ ਕਰਦਿਆਂ ਇਸ ਨੂੰ ਮਹਾਂ ਘੁਟਾਲਾ ਕਰਾਰ ਦਿੱਤਾ। ਉਨ੍ਹਾਂ ਆਖਿਆ ਕਿ ਨੋਟਬੰਦੀ ਕਾਰਨ ਪੰਜਾਬ ਵਿੱਚ ਪਾਰਟੀ ਦੀ ਹਾਲਤ ਉੱਤੇ ਕੋਈ ਅਸਰ ਨਹੀਂ ਹੈ।


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਹਮਲਾ ਕਰਦੇ ਹੋਏ ਕੇਜਰੀਵਾਲ ਨੇ ਆਖਿਆ ਕਿ ਇਸ ਗੱਲ ਦਾ ਖ਼ੁਲਾਸਾ ਬੀਜੇਪੀ ਨਹੀਂ ਕਰ ਰਹੀ ਕਿ 2014 ਦੀਆਂ ਚੋਣਾਂ ਲਈ ਪੈਸਾ ਕਿੱਥੋਂ ਆਇਆ ਸੀ। ਉਨ੍ਹਾਂ ਸਾਰੀਆਂ ਪਾਰਟੀਆਂ ਨੂੰ ਆਪਣੇ ਵੇਰਵੇ ਜਨਤਕ ਕਰਨ ਦੀ ਮੰਗ ਕੀਤੀ।

ਉਨ੍ਹਾਂ ਆਖਿਆ ਕਿ ਚਾਹੇ ਉਹ ਸਮਾਜਵਾਦੀ ਪਾਰਟੀ ਹੋਵੇ ਜਾਂ ਫਿਰ ਬਸਪਾ ਸਭ ਨੂੰ ਆਪਣੀ ਸੰਪਤੀ ਦੇ ਵੇਰਵੇ ਜਨਤਕ ਕਰਨੇ ਚਾਹੀਦੇ ਹਨ। ਉਨ੍ਹਾਂ ਆਖਿਆ ਬੇਜੀਪੀ ਪ੍ਰਧਾਨ ਅਮਿਤ ਸ਼ਾਹ ਨੇ ਉਨ੍ਹਾਂ ਨੂੰ ਫਸਾਉਣ ਲਈ ਸੀਬੀਆਈ, ਆਮਦਨ ਕਰ ਵਿਭਾਗ ਤੇ ਹੋਰ ਏਜੰਸੀਆਂ ਨੂੰ ਲਾਇਆ ਪਰ ਪੱਲੇ ਨਿਰਾਸ਼ਾ ਹੀ ਹੱਥ ਲੱਗੀ।