ਕਾਨਪੁਰ: ਯੂ.ਪੀ. ਦੇ ਕਾਨਪੁਰ ਨੇੜੇ ਪੁੱਖਰੀਏ ਵਿੱਚ ਰੇਲ ਹਾਦਸੇ ਵਿੱਚ ਕਰੀਬ 96 ਯਾਤਰੀਆਂ ਦੀ ਮੌਤ ਹੋ ਗਈ। ਪਿਛਲੇ 6 ਸਾਲਾਂ ਦੌਰਾਨ ਭਾਰਤ ਵਿੱਚ 22 ਰੇਲ ਹਾਦਸੇ ਹੋ ਚੁੱਕੇ ਹਨ। 2000 ਤੋਂ 2016 ਤੱਕ ਹੋਏ ਰੇਲ ਹਾਦਸਿਆਂ ਵਿੱਚ ਸੈਂਕੜੇ ਲੋਕ ਮਾਰੇ ਗਏ ਹਨ। ਪੇਸ਼ ਹੈ ਇਨ੍ਹਾਂ ਹਾਦਸਿਆਂ ਦਾ ਵੇਰਵਾ:-
20 ਨਵੰਬਰ 2016: ਅੱਜ ਐਤਵਾਰ ਦੇ ਦਿਨ ਸਵੇਰੇ ਕਾਨਪੁਰ ਨੇੜੇ ਇੱਕ ਦਿਲ ਦਹਿਲਾ ਦੇਣ ਵਾਲਾ ਵੱਡਾ ਰੇਲ ਹਾਦਸਾ ਵਾਪਰਿਆ ਜਿਸ ਵਿੱਚ ਹੁਣ ਤੱਕ 90 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅੱਜ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ 2000 ਤੋਂ 2016 ਤੱਕ ਭਾਰਤ ਚ 22 ਰੇਲ ਹਾਦਸੇ ਵਾਪਰ ਚੁੱਕੇ ਨੇ ਜਿਸ ਵਿੱਚ ਸੈਂਕੜੇ ਲੋਕ ਆਪਣੀਆਂ ਜਾਨਾਂ ਗਵਾ ਚੁੱਕੇ ਹਨ। ਰੇਲ ਹਾਦਸਿਆਂ ਦੀ ਗਿਣਤੀ ਘਟਣ ਦੀ ਬਜਾਏ ਵਧ ਰਹੀ ਹੈ।
20 ਮਾਰਚ 2015: ਦੇਹਰਾਦੂਨ ਤੋਂ ਵਾਰਾਨਸੀ ਜਾ ਰਹੀ ਜਨਤਾ ਐਕਸਪ੍ਰੈਸ ਦੇ ਪਟੜੀ ਤੋਂ ਉਤਰਨ ਕਾਰਨ 34 ਲੋਕ ਮਾਰੇ ਗਏ ਸਨ।
4 ਮਈ 2014: ਦਿਵਾ ਸਾਵੰਤਵਾਦੀ ਪੈਸੇਂਜਰ ਟਰੇਨ ਨਾਗੋਠਾਣੇ ਤੇ ਰੋਹਾ ਸਟੇਸ਼ਨ ਦੇ ਵਿਚਕਾਰ ਪਟੜੀ ਤੋਂ ਉੱਤਰ ਗਈ ਸੀ, 20 ਲੋਕਾਂ ਦੀ ਜਾਨ ਗਈ ਸੀ ਤੇ 100 ਜ਼ਖਮੀ ਹੋਏ ਸਨ।
28 ਦਸੰਬਰ 2013: ਬੈਂਗਲਰੂ-ਨਾਂਦੇੜ ਐਕਸਪ੍ਰੈਸ 'ਚ ਅੱਗ ਲੱਗਣ ਕਾਰਨ 26 ਲੋਕਾਂ ਦੀ ਮੌਤ ਹੋ ਗਈ ਸੀ।
19 ਅਗਸਤ 2013: ਰਾਜਧਾਨੀ ਐਕਸਪ੍ਰੈਸ ਦੀ ਚਪੇਟ 'ਚ ਆਉਣ ਕਾਰਨ ਖਗੜਿਆ ਜ਼ਿਲ੍ਹੇ 'ਚ 28 ਲੋਕਾਂ ਦੀ ਜਾਨ ਗਈ ਸੀ।
30 ਜੁਲਾਈ 2012: ਭਾਰਤੀ ਰੇਲਵੇ ਦੇ ਇਤਿਹਾਸ ਵਿੱਚ ਸਾਲ 2012 ਸਭ ਤੋਂ ਵੱਧ ਭਿਆਨਕ ਰਿਹਾ। ਇਸ ਸਾਲ ਤਕਰੀਬਨ 14 ਰੇਲ ਹਾਦਸੇ ਹੋਏ। ਰੇਲਾਂ ਪਟੜੀ ਤੋਂ ਉਤਰਨ ਕਾਰਨ ਤੇ ਆਹਮਣੋ-ਸਾਹਮਣੇ ਦੀ ਟੱਕਰ ਵਰਗੇ ਹਾਦਸਿਆਂ ਵਿੱਚ ਕੁੱਲ 30 ਤੋਂ ਵੱਧ ਲੋਕ ਮਾਰੇ ਗਏ ਸਨ।
7 ਜੁਲਾਈ 2011: ਉੱਤਰ ਪ੍ਰਦੇਸ਼ ਚ ਰੇਲ ਗੱਡੀ ਤੇ ਬੱਸ ਦੀ ਟੱਕਰ ਵਿੱਚ 38 ਲੋਕਾਂ ਦੀ ਮੌਤ ਹੋ ਗਈ ਸੀ।
20 ਸਤੰਬਰ 2010: ਮੱਧ ਪ੍ਰਦੇਸ਼ ਦੇ ਸਿਵਪੁਰੀ ਵਿੱਚ ਗਵਾਲੀਅਰ ਇੰਟਰਸਿਟੀ ਐਕਸਪ੍ਰੈਸ ਦੇ ਮਾਲ ਗੱਡੀ ਨਾਲ ਟੱਕਰ ਵਿੱਚ 33 ਲੋਕਾਂ ਦੀ ਜਾਨ ਗਈ ਸੀ ਤੇ 160 ਤੋਂ ਵੱਧ ਲੋਕ ਜ਼ਖਮੀ ਹੋਏ ਸਨ।
19 ਜੁਲਾਈ 2010: ਪੱਛਮੀ ਬੰਗਾਲ ਚ ਉਤਰਬੰਗ ਐਕਸਪ੍ਰੈਸ ਤੇ ਵਨਾਂਚਲ ਐਕਸਪ੍ਰੈਸ ਦੀ ਟੱਕਰ ਵਿੱਚ 62 ਲੋਕ ਮਾਰੇ ਗਏ ਤੇ 150 ਤੋਂ ਵੱਧ ਜ਼ਖਮੀ ਹੋਏ।
28 ਮਈ 2010: ਪੱਛਮੀ ਬੰਗਾਲ ਚ ਸ਼ੱਕੀ ਨਕਸਲੀ ਹਮਲੇ ਵਿੱਚ ਗਿਆਨੇਸ਼ਵਰੀ ਐਕਸਪ੍ਰੈਸ ਪਟੜੀ ਤੋਂ ਲਹਿ ਗਈ ਤੇ 170 ਲੋਕਾਂ ਦੀ ਮੌਤ ਹੋ ਗਈ ਸੀ।
21 ਅਕਤੂਬਰ 2009: ਉੱਤਰ ਪ੍ਰਦੇਸ਼ ਵਿੱਚ ਮਥੁਰਾ ਦੇ ਨੇੜੇ ਗੋਆ ਐਕਸਪ੍ਰੈਸ ਤੇ ਮੇਵਾੜ ਐਕਸਪ੍ਰੈਸ ਦੇ ਟਕਰਾਉਣ ਨਾਲ 22 ਲੋਕ ਮਾਰੇ ਗਏ ਤੇ 23 ਜ਼ਖਮੀ ਹੋਏ।
14 ਫਰਵਰੀ 2009: ਹਾਵਰਾ ਤੋਂ ਚੇਨੱਈ ਜਾ ਰਹੀ ਕੋਰੋਮੰਡਲ ਐਕਸਪ੍ਰੈਸ ਦੇ 14 ਡੱਬੇ ਪਟੜੀ ਤੋਂ ਉਤਰਨ ਕਾਰਨ 16 ਲੋਕਾਂ ਦੀ ਮੌਤ ਤੇ 50 ਜ਼ਖਮੀ ਹੋਏ।
ਅਗਸਤ 2008: ਸਿਕੰਦਰਾਬਾਦ ਤੋਂ ਕਾਕਿਨਾਡਾ ਜਾ ਰਹੀ ਗੌਤਮੀ ਐਕਸਪ੍ਰੈਸ ਵਿੱਚ ਅੱਗ ਲੱਗਣ ਨਾਲ 32 ਲੋਕ ਮਾਰੇ ਗਏ 78 ਜ਼ਖਮੀ ਹੋਏ।
21 ਅਪ੍ਰੈਲ 2005: ਗੁਜਰਾਤ ਵਿੱਚ ਵਡੋਦਰਾ ਨੇੜੇ ਸਾਬਰਮਤੀ ਐਕਸਪ੍ਰੈਸ ਦੀ ਮਾਲਗੱਡੀ ਨਾਲ ਟੱਕਰ ਵਿੱਚ ਘੱਟੋ-ਘੱਟ 17 ਲੋਕਾਂ ਦੀ ਮੌਤ ਹੋਈ ਤੇ 78 ਹੋਰ ਜ਼ਖਮੀ ਹੋਏ।
ਫਰਵਰੀ 2005: ਮਹਾਂਰਾਸ਼ਟਰ ਵਿੱਚ ਇੱਕ ਰੇਲ ਗੱਡੀ ਤੇ ਟਰੈਕਟਰ ਟਰਾਲੀ ਦੀ ਟੱਕਰ ਵਿੱਚ ਤਕਰੀਬਨ 50 ਲੋਕਾਂ ਦੀ ਮੌਤ ਹੋਈ ਤੇ ਇੰਨੇ ਹੀ ਜ਼ਖਮੀ ਹੋਏ।
ਜੂਨ 2003: ਮਹਾਂਰਾਸ਼ਟਰ ਵਿੱਚ ਵਾਪਰੇ ਰੇਲ ਹਾਦਸੇ ਵਿੱਚ 51 ਲੋਕ ਮਾਰੇ ਗਏ।
2 ਜੁਲਾਈ 2003: ਆਂਧਰਾ ਪ੍ਰਦੇਸ਼ ਦੇ ਵਾਰੰਗਲ ਇਲਾਕੇ ਵਿੱਚ ਗੋਲਕੁੰਡਾ ਐਕਸਪ੍ਰੈਸ ਦੇ ਦੋ ਡੱਬੇ ਪਲਟਣ ਕਾਰਨ 21 ਲੋਕ ਮਾਰੇ ਗਏ ਸਨ।
15 ਮਈ, 2003: ਪੰਜਾਬ ਵਿੱਚ ਲੁਧਿਆਣਾ ਦੇ ਨੇੜੇ ਫਰੰਟੀਅਰ ਮੇਲ ਵਿੱਚ ਅੱਗ ਲੱਗੀ ਤੇ 38 ਲੋਕ ਮਾਰੇ ਗਏ।
9 ਸਤੰਬਰ 2002: ਹਾਵੜਾ ਤੋਂ ਨਵੀਂ ਦਿੱਲੀ ਜਾ ਰਹੀ ਰਾਜਧਾਨੀ ਐਕਸਪ੍ਰੈਸ ਹਾਦਸਾਗ੍ਰਸਤ ਹੋਈ ਤੇ 120 ਲੋਕ ਮਾਰੇ ਗਏ।
22 ਜੂਨ 2001: ਮੰਗਲੌਰ-ਚੇਨੱਈ ਮੇਲ ਕੇਰਲਾ ਦੀ ਕਡਲੁੰਡੀ ਨਦੀ ਵਿੱਚ ਜਾ ਡਿੱਗੀ ਤੇ 59 ਲੋਕ ਮੌਤ ਦੀ ਭੇਟ ਚੜ੍ਹ ਗਏ।
31 ਮਈ 2001: ਉੱਤਰ ਪ੍ਰਦੇਸ਼ ਵਿੱਚ ਇੱਕ ਰੇਲਵੇ ਕ੍ਰਾਸਿੰਗ 'ਤੇ ਖੜ੍ਹੀ ਬੱਸ ਰੇਲ ਗੱਡੀ ਨਾਲ ਜਾ ਟਕਰਾਈ ਤੇ 31 ਲੋਕ ਮਾਰੇ ਗਏ।
2 ਦਸੰਬਰ 2000: ਕੋਲਕਾਤਾ ਤੋਂ ਅੰਮ੍ਰਿਤਸਰ ਜਾ ਰਹੀ ਹਾਵੜਾ ਮੇਲ ਦਿੱਲੀ ਜਾ ਰਹੀ ਮਾਲ ਗੱਡੀ ਨਾਲ ਟਕਰਾਈ, 44 ਲੋਕਾਂ ਦੀ ਮੌਤ ਤੇ 140 ਜ਼ਖਮੀ ਹੋਏ।