ਨਵੀਂ ਦਿੱਲੀ: 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਭਾਣਜੇ ਵਿਨੇ ਬਾਂਸਲ ਨੂੰ ਅੱਜ ਐਂਟੀ ਕੁਰੱਪਸ਼ਨ ਬਿਊਰੋ ਨੇ ਪੀਡਬਲਿਊਡੀ ਸਕੈਮ 'ਚ ਗ੍ਰਿਫਤਾਰ ਕਰ ਲਿਆ ਹੈ। ਏਸੀਬੀ ਦੇ ਮੁੱਖ ਅਧਿਕਾਰੀ ਅਰਵਿੰਦ ਦੀਪ ਨੇ ਇਹ ਜਾਣਕਾਰੀ ਦਿੱਤੀ ਹੈ। ਏਸੀਬੀ ਵੱਲੋਂ ਪਿਛਲੇ ਸਾਲ 9 ਮਈ ਨੂੰ ਅਰਵਿੰਦ ਕੇਜਰੀਵਾਲ ਦੇ ਸਾਢੂ ਸੁਰਿੰਦਰ ਬਾਂਸਲ ਵੱਲੋਂ ਚਲਾਈ ਜਾ ਰਹੀ ਕੰਪਨੀ ਸਮੇਤ ਕੁੱਲ ਤਿੰਨ ਕੰਪਨੀਆਂ ਖਿਲਾਫ਼ ਐਫਆਈਆਰ ਦਰਜ ਕੀਤੀ ਗਈ। ਰੋਡ ਐਂਟੀ ਕੁਰੱਪਸ਼ਨ ਆਰਗੇਨਾਈਜੇਸ਼ਨ ਦੇ ਸੰਸਥਾਪਕ ਰਾਹੁਲ ਸ਼ਰਮਾ ਨੇ ਅਰਵਿੰਦ ਕੇਜਰੀਵਾਲ ਤੇ ਪੀਡਬਲਿਊਡੀ ਮੰਤਰੀ ਸਤੇਂਦਰ ਜੈਨ ਖਿਲਾਫ਼ ਦਰਜ ਕਰਾਈ ਸ਼ਿਕਾਇਤ ਵਿੱਚ ਕਿਹਾ ਕਿ ਇਨ੍ਹਾਂ ਨੇ ਪੀਡਬਲਿਊਡੀ ਦਫਤਰ ਦਾ ਨਾਜਾਇਜ਼ ਫਾਇਦਾ ਚੁੱਕਦਿਆਂ ਬਾਂਸਲ ਨੂੰ ਵਿੱਤੀ ਲਾਭ ਪਹੁੰਚਾਉਣ ਲਈ ਗਲਤ ਤਰੀਕੇ ਨਾਲ ਗਰਾਂਟਾ ਜਾਰੀ ਕੀਤੀਆਂ। ਹਾਲਾਕਿ ਦੋਵਾਂ ਦੇ ਨਾਂ ਐਫਐਈਆਰ ਵਿੱਚ ਨਹੀਂ ਹਨ। ਰਾਕੋ (RACO) ਨੇ ਦਾਅਵਾ ਕੀਤਾ ਕਿ ਦਿੱਲੀ ਦੇ ਨੌਰਥ ਵੈਸਟ ਇਲਾਕੇ 'ਚ ਜਲਨਿਕਾਸ ਸਿਸਟਮ ਨੂੰ ਲੈਕੇ ਵਿੱਤੀ ਬੇਨਿਯਮੀਆਂ ਪਾਈਆਂ ਗਈਆਂ ਹਨ। ਇਹ ਵੀ ਦੋਸ਼ ਨੇ ਕਿ ਅੱਧੇ ਅਧੂਰੇ ਪਏ ਕੰਮਾਂ ਦੇ ਬਿੱਲ ਵੀ ਪੀਡਬਲਿਊਡੀ ਨੂੰ ਭੇਜੇ ਗਏ ਹਨ।