ਨਵੀਂ ਦਿੱਲੀ: ਜਸਟਿਸ ਜੇ ਚੇਲਮੇਸ਼ਵਰ ਨੇ ਆਪਣੀ ਰਿਟਾਇਰਮੈਂਟ ਮੌਕੇ ਕੀਤੇ ਜਾਣ ਵਾਲੇ ਵਿਦਾਇਗੀ ਸਮਾਗਮ ਦਾ ਸੱਦਾ ਠੁਕਰਾ ਦਿੱਤਾ। ਸੁਪੀਰਮ ਕੋਰਟ ਬਾਰ ਐਸੋਸੀਏਸ਼ਨ ਵੱਲੋਂ 18 ਮਈ ਨੂੰ ਜੱਜ ਚੇਲਮੇਸ਼ਵਰ ਨੂੰ ਵਿਦਾਇਗੀ ਪਾਰਟੀ ਦਿੱਤੀ ਜਾਣੀ ਸੀ। ਉਹ 22 ਜੂਨ ਨੂੰ ਸੇਵਾ ਮੁਕਤ ਹੋ ਜਾਣਗੇ। ਬਾਰ ਐਸੋਸੀਏਸ਼ਨ ਦਫ਼ਤਰ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਜੱਜ ਚੇਲਮੇਸ਼ਵਰ ਨੇ ਆਪਣੇ ਨਿੱਜੀ ਕਾਰਨਾਂ ਦਾ ਹਵਾਲਾ ਦੇ ਕੇ ਉਨ੍ਹਾਂ ਦਾ ਸੱਦਾ ਠੁਕਰਾਇਆ ਹੈ।   ਯਾਦ ਰਹੇ ਕਿ ਜੱਜ ਚੇਲਮੇਸ਼ਵਰ ਦੀ ਅਗਵਾਈ ਵਿੱਚ 12 ਜਨਵਰੀ ਨੂੰ ਸੁਪਰੀਮ ਕੋਰਟ ਦੇ ਚਾਰ ਸੀਨੀਅਰ ਜੱਜਾਂ ਦੀ ਪ੍ਰੈਸ ਕਾਨਫਰੰਸ ਵਿੱਚ ਚੀਫ਼ ਜਸਟਿਸ ਦੀਪਕ ਮਿਸ਼ਰਾ ’ਤੇ ਇਲਜ਼ਾਮ ਲਾਏ ਗਏ ਸਨ। ਇਲਜ਼ਾਮਾਂ ਦੇ ਬਾਅਦ ਤੋਂ ਹੀ ਚੀਫ਼ ਜਸਟਿਸ ਵਿਵਾਦਾਂ ’ਚ ਘਿਰੇ ਹੋਏ ਹਨ। ਸੁਪੀਰਮ ਕੋਰਟ ਬਾਰ ਐਸੋਸੀਏਸ਼ਨ ਦੇ ਮੁਖੀ ਵਿਕਾਸ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਉਨ੍ਹਾਂ ਜੱਜ ਚੇਲਮੇਸ਼ਵਰ ਦੇ ਘਰ ਜਾ ਕੇ ਇੱਕ ਵਾਰ ਫਿਰ ਉਨ੍ਹਾਂ ਨੂੰ ਵਿਦਾਇਗੀ ਸਮਾਗਮ ਵਿੱਚ ਸ਼ਾਮਲ ਹੋਣ ਦੀ ਗੁਜ਼ਾਰਿਸ਼ ਕੀਤੀ ਪਰ ਉਨ੍ਹਾਂ ਨਿੱਜੀ ਕਾਰਨਾਂ ਦਾ ਹਵਾਲਾ ਦਿੰਦਿਆਂ ਆਪਣੀ ਸਹਿਮਤੀ ਨਹੀਂ ਦਿੱਤੀ। ਜੱਜ ਚੇਲਮੇਸ਼ਵਰ ਨੇ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਕਿਹਾ ਕਿ ਉੱਚ ਅਦਾਤਲ ਤੋਂ ਉਨ੍ਹਾਂ ਦੇ ਤਬਾਦਲੇ ਮੌਕੇ ਵੀ ਉਨ੍ਹਾਂ ਆਪਣੇ ਵਿਦਾਇਗੀ ਸਮਾਗਮ ਦਾ ਸੱਦਾ ਸਵੀਕਾਰ ਨਹੀਂ ਕੀਤਾ ਸੀ। ਬੀਤੇ ਦਿਨ ਵੀ ਉਹ ਨਿਆਂਇਕ ਕੰਮਾਂ ਲਈ ਸੁਪਰੀਮ ਕੋਰਟ ਨਹੀਂ ਪੁੱਜੇ ਅਤੇ ਉਹ ਲਗਾਤਰਾ ਤੀਜੀ ਵਾਰ ਜੱਜਾਂ ਦੇ ਰਿਵਾਇਤੀ ਬੁੱਧਵਾਰ ਦੇ ਦੁਪਹਿਰ ਦੇ ਖਾਣੇ ਵਿੱਚ ਸ਼ਾਮਲ ਨਹੀਂ ਹੋਏ।