ਨਵੀਂ ਦਿੱਲੀ: ਚੀਫ ਜਸਟਿਸ ਰੰਜਨ ਗੋਗੋਈ ਦੀ ਸੇਵਾਮੁਕਤੀ ਤੋਂ ਬਾਅਦ ਜਸਟਿਸ ਐਸਏ ਬੋਬੜੇ ਨੇ ਅੱਜ ਦੇਸ਼ ਦੇ 47ਵੇਂ ਚੀਫ਼ ਜਸਟਿਸ ਵਜੋਂ ਸਹੁੰ ਚੁੱਕੀ। ਰਾਸ਼ਟਰਪਤੀ ਭਵਨ ਵਿਖੇ ਹੋਏ ਪ੍ਰੋਗਰਾਮ 'ਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਜਸਟਿਸ ਬੋਬਡੇ ਨੂੰ ਅਹੁਦੇ ਤੇ ਗੁਪਤਤਾ ਦੀ ਸਹੁੰ ਚੁਕਾਈ। ਸਹੁੰ ਚੁੱਕਣ ਤੋਂ ਬਾਅਦ ਜਸਟਿਸ ਬੋਬਡੇ ਨੇ ਆਪਣੀ ਮਾਂ ਦੇ ਪੈਰਾਂ ਛੂਹ ਕੇ ਆਸ਼ੀਰਵਾਦ ਲਿਆ।

ਇਸ ਸਮਾਰੋਹ 'ਚ ਉਪ-ਰਾਸ਼ਟਰਪਤੀ ਵੈਂਕਈਆ ਨਾਇਡੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਸਮੇਤ ਕਈ ਵੀਵੀਆਈਪੀ ਮਹਿਮਾਨ ਮੌਜੂਦ ਸਨ। ਸਹੁੰ ਚੁੱਕਣ ਤੋਂ ਬਾਅਦ ਹਾਲ 'ਚ ਮੌਜੂਦ ਸਭ ਨੇ ਜਸਟਿਸ ਬੋਬਡੇ ਨੂੰ ਵਧਾਈ ਦਿੱਤੀ।

ਜਸਟਿਸ ਬੋਬਡੇ ਇਸ ਸਮੇਂ ਸੁਪਰੀਮ ਕੋਰਟ ਦੇ ਸਭ ਤੋਂ ਸੀਨੀਅਰ ਜੱਜ ਹਨ। ਜਸਟਿਸ ਬੋਬਡੇ 12 ਅਪ੍ਰੈਲ, 2013 ਨੂੰ ਸੁਪਰੀਮ ਕੋਰਟ ਦੇ ਜੱਜ ਬਣੇ, ਜਸਟਿਸ ਬੋਬਡੇ ਦੇਸ਼ ਦੇ 47ਵੇਂ ਚੀਫ਼ ਜਸਟਿਸ ਬਣ ਜਾਣਗੇ। ਜਸਟਿਸ ਬੋਬਡੇ ਦਾ ਕਾਰਜਕਾਲ 23 ਅਪ੍ਰੈਲ, 2021 ਤੱਕ ਰਹੇਗਾ।



ਸੁਪਰੀਮ ਕੋਰਟ ਦੇ ਜੱਜ ਵਜੋਂ ਜਸਟਿਸ ਬੋਬਡੇ ਦੇ ਵੱਡੇ ਫੈਸਲੇ:

- ਰਾਮ ਜਨਮ ਭੂਮੀ-ਬਾਬਰੀ ਮਸਜਿਦ ਮਾਮਲੇ 'ਤੇ ਫੈਸਲਾ ਸੁਣਾਉਂਦਿਆਂ ਸੰਵਿਧਾਨਕ ਬੈਂਚ ਦਾ ਹਿੱਸਾ ਬਣੇ।

- ਆਧਾਰ ਕਾਰਡ 'ਤੇ ਮਹੱਤਵਪੂਰਨ ਆਦੇਸ਼ ਦੇਣ ਵਾਲੇ ਬੈਂਚਾਂ 'ਚ ਜਸਟਿਸ ਬੋਬਡੇ ਵੀ ਸ਼ਾਮਲ ਸੀ।

-ਐਨਸੀਆਰ 'ਚ ਸਾਲ 2016 'ਚ ਪਟਾਕੇ ਵੇਚਣ ‘ਤੇ ਪਾਬੰਦੀ ਲਾਉਣ ਦਾ ਫੈਸਲਾ ਲਿਆ।

-9 ਜੱਜਾਂ ਦੇ ਸੰਵਿਧਾਨਕ ਬੈਂਚ ਦੇ ਮੈਂਬਰ ਸੀ ਜਿਸ ਨੇ ਰਾਈਟ ਟੂ ਪਰਾਈਵੇਸੀ ਨੂੰ ਬੁਨਿਆਦੀ ਅਧਿਕਾਰਾਂ ਵਜੋਂ ਐਲਾਨਿਆ।

- ਚੀਫ਼ ਜਸਟਿਸ ਰੰਜਨ ਗੋਗੋਈ ਖਿਲਾਫ ਜਿਨਸੀ ਸੋਸ਼ਣ ਦੇ ਕੇਸ ਦੀ ਜਾਂਚ ਕਰ ਰਹੇ ਬੈਂਚ ਦਾ ਬੋਬੜੇ ਹਿੱਸਾ ਰਹੇ।