Asaddudin Owaisi Z Security: ਹਾਲ ਹੀ 'ਚ AIMIM ਸੰਸਦ ਅਸਦੁਦੀਨ ਓਵੈਸੀ ਦੀ ਕਾਰ 'ਤੇ ਗੋਲੀਬਾਰੀ ਹੋਈ ਸੀ। ਯੂਪੀ ਵਿੱਚ ਇੱਕ ਟੋਲ ਪਲਾਜ਼ਾ ਤੋਂ ਲੰਘਦੇ ਸਮੇਂ ਉਨ੍ਹਾਂ ਉੱਤੇ ਹਮਲਾ ਕੀਤਾ ਗਿਆ। ਹਾਲਾਂਕਿ ਇਸ ਦੌਰਾਨ ਓਵੈਸੀ ਨੂੰ ਕੋਈ ਸੱਟ ਨਹੀਂ ਲੱਗੀ। ਹੁਣ ਦੱਸਿਆ ਜਾ ਰਿਹਾ ਹੈ ਕਿ ਓਵੈਸੀ ਨੂੰ ਕੇਂਦਰ ਸਰਕਾਰ ਵੱਲੋਂ ਸੁਰੱਖਿਆ ਦਿੱਤੀ ਜਾ ਰਹੀ ਹੈ।


ਹਮਲੇ ਤੋਂ ਬਾਅਦ ਮਿਲ ਰਹੀ ਸੁਰੱਖਿਆ
ਨਿਊਜ਼ ਏਜੰਸੀ ਏਐਨਆਈ ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਸੰਸਦ ਮੈਂਬਰ ਅਸਦੁਦੀਨ ਓਵੈਸੀ ਦੀ ਸੁਰੱਖਿਆ ਦੀ ਸਮੀਖਿਆ ਕੀਤੀ ਗਈ ਹੈ ਤੇ ਉਨ੍ਹਾਂ ਨੂੰ ਸਰਕਾਰ ਵੱਲੋਂ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਜਾਵੇਗੀ। ਇਸ ਤੋਂ ਬਾਅਦ ਓਵੈਸੀ ਦੇ ਨਾਲ ਸੀਆਰਪੀਐਫ ਦੇ ਜਵਾਨ ਵੀ ਉਨ੍ਹਾਂ ਦੀ ਸੁਰੱਖਿਆ ਵਿੱਚ ਤਾਇਨਾਤ ਹੋਣਗੇ।

ਓਵੈਸੀ ਨੇ ਸੁਰੱਖਿਆ ਲੈਣ ਤੋਂ ਕੀਤਾ ਇਨਕਾਰ
ਹਾਲਾਂਕਿ ਹਮਲੇ ਤੋਂ ਬਾਅਦ ਅਸਦੁਦੀਨ ਓਵੈਸੀ ਨੇ ਸਪੱਸ਼ਟ ਕੀਤਾ ਸੀ ਕਿ ਉਹ ਕਿਸੇ ਵੀ ਤਰ੍ਹਾਂ ਦੀ ਸੁਰੱਖਿਆ ਨਹੀਂ ਲੈਣਗੇ। ਉਨ੍ਹਾਂ ਕਿਹਾ ਕਿ ਉਹ 1994 ਤੋਂ ਰਾਜਨੀਤੀ ਵਿੱਚ ਸਰਗਰਮ ਹਨ ਤੇ ਅੱਜ ਤੱਕ ਉਨ੍ਹਾਂ ਨੇ ਕੋਈ ਸੁਰੱਖਿਆ ਨਹੀਂ ਲਈ ਹੈ। ਮੈਨੂੰ ਸੁਰੱਖਿਅਤ ਮਹਿਸੂਸ ਕਰਵਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ।

ਮੁਲਜ਼ਮ ਨੌਜਵਾਨਾਂ ਤੋਂ ਪੁਲੀਸ ਕਰ ਰਹੀ ਪੁੱਛਗਿੱਛ
ਦੱਸ ਦਈਏ ਕਿ ਪੁਲਿਸ ਨੇ ਓਵੈਸੀ 'ਤੇ ਗੋਲੀਆਂ ਚਲਾਉਣ ਵਾਲੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਜਿਨ੍ਹਾਂ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ। ਯੂਪੀ ਪੁਲਿਸ ਦੇ ਏਡੀਜੀ ਲਾਅ ਐਂਡ ਆਰਡਰ ਪ੍ਰਸ਼ਾਂਤ ਕੁਮਾਰ ਨੇ ਦੱਸਿਆ ਕਿ ਸ਼ੁਰੂਆਤੀ ਪੁੱਛਗਿੱਛ ਵਿੱਚ ਮੁਲਜ਼ਮਾਂ ਨੇ ਦੱਸਿਆ ਹੈ ਕਿ ਉਹ ਓਵੈਸੀ ਦੇ ਭਾਸ਼ਣਾਂ ਤੋਂ ਨਾਰਾਜ਼ ਸਨ।

ਫਿਲਹਾਲ ਪੁਲਿਸ ਵੱਲੋਂ ਹੋਰ ਜਾਂਚ ਕੀਤੀ ਜਾ ਰਹੀ ਹੈ। ਦੂਜੇ ਪਾਸੇ ਓਵੈਸੀ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਖਿਲਾਫ ਕੋਈ ਵੱਡੀ ਸਾਜ਼ਿਸ਼ ਹੋ ਸਕਦੀ ਹੈ, ਜਿਸ ਦੀ ਪੁਲਸ ਨੂੰ ਜਾਂਚ ਕਰਨੀ ਚਾਹੀਦੀ ਹੈ। ਇਹ ਨੌਜਵਾਲ ਇਕੱਲੇ ਇੰਨਾ ਵੱਡਾ ਕਦਮ ਨਹੀਂ ਚੁੱਕ ਸਕਦੇ। ਇਨ੍ਹਾਂ ਪਿੱਛੇ ਜੋ ਤਾਕਤਾਂ ਹਨ, ਉਨ੍ਹਾਂ ਨੂੰ ਸਾਹਮਣੇ ਲਿਆਉਣ ਦੀ ਲੋੜ ਹੈ।

 











ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:



https://apps.apple.com/in/app/abp-live-news/id811114904