ਗੁਹਾਟੀ: ਅਸਾਮ ਵਿੱਚ ਜ਼ਹਿਰੀਲੀ ਸ਼ਰਾਬ ਦਾ ਕਹਿਰ ਜਾਰੀ ਹੈ। ਹੁਣ ਤੱਕ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮਰਨ ਵਾਲਿਆਂ ਦੀ ਗਿਣਤੀ 124 ਹੋ ਗਈ ਹੈ। ਇਸ ਤੋਂ ਇਲਾਵਾ 331 ਹੋਰ ਜਣਿਆਂ ਦਾ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ। ਇਨ੍ਹਾਂ ਵਿੱਚ 36 ਔਰਤਾਂ  ਵੀ ਸ਼ਾਮਲ ਹਨ।


ਸਰਕਾਰ ਰਿਪੋਰਟ ਮੁਤਾਬਕ ਜੋਰਹਾਟ ਮੈਡੀਕਲ ਕਾਲਜ ਹਸਪਤਾਲ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਬਿਮਾਰ 340 ਵਿਅਕਤੀ ਦਾਖ਼ਲ ਕਰਵਾਏ ਗਏ ਸੀ। ਇਨ੍ਹਾਂ ਵਿੱਚੋਂ ਹੁਣ ਤੱਕ 71 ਮੌਤਾਂ ਹੋ ਚੁੱਕੀਆਂ ਹਨ। 35 ਮੌਤਾਂ ਗੋਲਾਘਾਟ ਸਿਵਲ ਹਸਪਤਾਲ ਵਿੱਚ ਹੋਈਆਂ ਹਨ ਜਿੱਥੇ 93 ਜਣੇ ਦਾਖ਼ਲ ਕਰਵਾਏ ਗਏ ਸਨ। ਲੰਘੀ ਵੀਰਵਾਰ ਰਾਤੀਂ ਗੋਲਾਘਾਟ ਤੇ ਜੋਰਹਾਟ ਜ਼ਿਲ੍ਹਿਆਂ ਵਿਚਲੇ ਚਾਹ ਦੇ ਬਾਗ਼ਾਂ ਵਿੱਚ ਇਹ ਤ੍ਰਾਸਦੀ ਵਾਪਰੀ ਸੀ।

ਯਾਦ ਰਹੇ ਕਿ ਇਸ ਤੋਂ ਕੁਝ ਦਿਨ ਪਹਿਲਾਂ ਉੱਤਰ ਪ੍ਰਦੇਸ਼ ਦੇ ਸਹਾਰਨਪੁਰ, ਕੁਸ਼ੀਨਗਰ ਤੇ ਹਰਿਦੁਆਰ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਰਕੇ 100 ਦੇ ਕਰੀਬ ਮੌਤਾਂ ਹੋ ਚੁੱਕੀਆਂ ਹਨ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੇ ਨਾਜਾਇਜ਼ ਸ਼ਰਾਬ ਖਿਲਾਫ ਅਭਿਆਨ ਸ਼ੁਰੂ ਕੀਤਾ ਹੋਇਆ ਹੈ।