ਨਵੀਂ ਦਿੱਲੀ: ਅਸਾਮ ਵਿੱਚ ਨੈਸ਼ਨਲ ਰਜਿਸਟਰ ਆਫ ਸਿਟੀਜ਼ਨ (NRC) ਦਾ ਦੂਜਾ ਡਰਾਫਟ ਜਾਰੀ ਹੋ ਗਿਆ ਹੈ। ਇਸ ਵਿੱਚ ਖੁਲਾਸਾ ਹੋਇਆ ਹੈ ਕਿ ਸੂਬੇ ਵਿੱਚ 40 ਲੱਖ ਲੋਕਾਂ ਨੂੰ ਨਾਗਰਿਕਤਾ ਹਾਸਲ ਨਹੀਂ। NRC ਮੁਤਾਬਕ ਆਸਾਮ ਦੀ ਕੁੱਲ ਆਬਾਦੀ 3 ਕਰੋੜ 26 ਲੱਖ ਹੈ, ਜਿਨ੍ਹਾਂ ਵਿੱਚੋਂ ਕੁੱਲ 2 ਕਰੋੜ 89 ਲੱਖ 668 ਲੋਕ ਭਾਰਤ ਦੇ ਨਾਗਰਿਕ ਹਨ। ਬਾਕੀ 40 ਲੱਖ ਲੋਕਾਂ ਨੂੰ ਆਪਣੀ ਨਾਗਰਿਕਤਾ ਸਾਬਤ ਕਰਨ ਲਈ ਇੱਕ ਹੋਰ ਮੌਕਾ ਦਿੱਤਾ ਜਾਏਗਾ।

NRC ਦੀ ਪਹਿਲੀ ਲਿਸਟ 31 ਦਸੰਬਰ, 2017 ਨੂੰ ਜਾਰੀ ਹੋਈ ਸੀ। ਪਹਿਲੀ ਸੂਚੀ ਵਿੱਚ ਆਸਾਮ ਦੀ 3.29 ਕਰੋੜ ਆਬਾਦੀ ਵਿੱਚੋਂ 1.90 ਕਰੋੜ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ। ਲਿਸਟ ਵਿੱਚ ਉਨ੍ਹਾਂ ਭਾਰਤੀ ਨਾਗਰਿਕਾਂ ਜਾਂ ਪਰਿਵਾਰਾਂ ਨੂੰ ਸ਼ਾਮਲ ਕੀਤਾ ਗਿਆ ਹੈ ਜੋ 25 ਮਾਰਚ, 1971 ਤੋਂ ਪਹਿਲਾਂ ਤੋਂ ਉੱਥੇ ਰਹਿ ਰਹੇ ਹਨ।

ਐਨਆਰਸੀ ਨਾਲ ਸਬੰਧਤ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਦੇ ਨਾਂ ਡਰਾਫਟ ਵਿੱਚ ਉਪਲੱਬਧ ਨਹੀਂ ਹਨ, ਉਨ੍ਹਾਂ ਕੋਲ ਦਾਅਵਿਆਂ ਤੇ ਸ਼ਿਕਾਇਤਾਂ ਲਈ ਸੰਭਵ ਗੁੰਜਾਇਸ਼ ਹੋਏਗੀ। ਉਨ੍ਹਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਅਜਿਹੇ ਮਹਿਲਾ ਜਾਂ ਪੁਰਸ਼ਾਂ ਨੂੰ ਬੱਸ ਇੱਕ ਫਾਰਮ ਭਰਨਾ ਪਏਗਾ। ਇਹ ਫਾਰਮ 7 ਅਗਸਤ ਤੋਂ 28 ਸਤੰਬਰ ਵਿਚਾਲੇ ਉਪਲੱਬਧ ਹੋਣਗੇ।

ਇਸ ਫਾਰਮ ਜ਼ਰੀਏ ਉਹ ਸਬੰਧਤ ਅਧਿਕਾਰੀਆਂ ਤੋਂ ਪੁੱਛ ਸਕਦੇ ਹਨ ਕਿ ਉਨ੍ਹਾਂ ਦਾ ਨਾਂ ਲਿਸਟ ਵਿੱਚ ਸ਼ਾਮਲ ਕਿਉਂ ਨਹੀਂ ਕੀਤਾ ਗਿਆ। ਇਸ ਤੋਂ ਬਾਅਦ ਇੱਕ ਹੋਰ ਫਾਰਮ ਭਰ ਕੇ ਜ਼ਰੂਰੀ ਦਸਤਾਵੇਜ਼ਾਂ ਨਾਲ ਉਹ ਭਾਰਤ ਦੀ ਨਾਗਰਿਕਤਾ ਸਾਬਤ ਕਰਨ ਲਈ ਆਪਣਾ ਦਾਅਵਾ ਪੇਸ਼ ਕਰ ਸਕਦੇ ਹਨ। ਦੂਜਾ ਫਾਰਮ 30 ਅਗਸਤ ਤੋਂ 20 ਸਤੰਬਰ ਤਕ ਮਿਲੇਗਾ।

ਸੂਬੇ ਵਿੱਚ ਬੰਗਲਾਦੇਸ਼ ਤੋਂ ਲੱਖਾਂ ਲੋਕਾਂ ਦੇ ਨਾਜਾਇਜ਼ ਘੁਸਪੈਠ ਦਾ ਦਾਅਵਾ ਕੀਤਾ ਜਾਂਦਾ ਹੈ। ਸੂਬੇ ਦੇ ਨਾਗਰਿਕਾਂ ਦੀ ਪਛਾਣ ਲਈ 2015 ਵਿੱਚ ਇਹ ਕਵਾਇਦ ਸ਼ੁਰੂ ਹੋਈ ਸੀ। NRC ਦਾ ਮਕਸਦ ਸੂਬੇ ਵਿੱਚ ਨਾਜਾਇਜ਼ ਤੌਰ ’ਤੇ ਰਹਿ ਰਹੇ ਲੋਕਾਂ ਦੀ ਪਛਾਣ ਕਰਨਾ ਹੈ।