ਚੰਡੀਗੜ੍ਹ: ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਆ ਗਏ ਹਨ। ਇਨ੍ਹਾਂ ਵਿੱਚ ਬੀਜੇਪੀ ਨੂੰ ਨਿਮੋਸ਼ੀ ਤੇ ਕਾਂਗਰਸ ਨੂੰ ਜਿੱਤ ਨਸੀਬ ਹੋਈ ਹੈ। ਇਸ ਉੱਪਰ ਵੱਖ-ਵੱਖ ਲੀਡਰਾਂ ਨੇ ਇਹ ਪ੍ਰਤੀਕਰਮ ਦਿੱਤਾ।

ਰਾਜਸਥਾਨ ਵਿੱਚ ਕਾਂਗਰਸ ਦੀ ਸਰਕਾਰ ਬਣ ਰਹੀ ਹੈ। ਕਾਂਗਰਸ ਦੇ ਵੱਡੇ ਲੀਡਰਾਂ ਨੇ ਮੁੱਖ ਮੰਤਰੀ ਦੀ ਕੁਰਸੀ ਲਈ ਆਪਣੀ ਦਾਅਵੇਦਾਰੀ ਤੇਜ਼ ਕਰ ਲਈ ਹੈ। ਸਚਿਨ ਪਾਇਲਟ ਦੀ ਪ੍ਰੈੱਸ ਕਾਨਫਰੰਸ ਬਾਅਦ ਅਸ਼ੋਕ ਗਹਿਲੋਤ ਵੀ ਮੀਡੀਆ ਸਾਹਮਣੇ ਆਏ ਤੇ ਬਿਨ੍ਹਾ ਕਹੇ ਸੀਐਮ ਵਜੋਂ ਆਪਣੀ ਦਾਅਵੇਦਾਰੀ ਪੇਸ਼ ਕੀਤੀ। ਇਸ ਦੌਰਾਨ ਗਹਿਲੋਤ ਨੇ ਕਿਹਾ ਕਿ ਕਾਂਗਰਸ ਨੂੰ ਜਨਾਦੇਸ਼ ਮਿਲਿਆ ਹੈ ਪਰ ਸੀਐਮ ਦਾ ਫੈਸਲਾ ਪਾਰਟੀ ਤੇ ਵਿਧਾਇਕ ਦਲ ’ਤੇ ਛੱਡਿਆ ਗਿਆ ਹੈ। ਰਾਜਸਥਾਨ ਕਾਂਗਰਸ ਪ੍ਰਧਾਨ ਸਚਿਨ ਪਾਇਲਟ ਨੇ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਕਾਂਗਰਸ ਵਿਚਾਰਧਾਰਾ ਰੱਖਣ ਵਾਲਿਆਂ ਨਾਲ ਕੰਮ ਕਰਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਜੋ ਜਿੱਤਣ ਦੀ ਸਥਿਤੀ ਵਿੱਚ ਹਨ, ਉਹ ਉਨ੍ਹਾਂ ਲੋਕਾਂ ਦੇ ਵੀ ਸੰਪਰਕ ਵਿੱਚ ਹਨ।

ਉੱਧਰ ਤਿਲੰਗਾਨਾ ਵਿੱਚ ਜਿੱਤੀ ਟੀਆਰਐਸ ਦੀ ਮੁਖੀ ਦੀ ਧੀ ਕੇ ਕਵਿਤਾ ਨੇ ਮੀਡੀਆ ਨੂੰ ਕਿਹਾ ਕਿ ਹਾਰਨ ਵਾਲੀ ਪਾਰਟੀ ਅਕਸਰ ਇਹੀ ਕਹਿੰਦੀ ਹੈ ਕਿ ਈਵੀਐਮ ਨੂੰ ਹੈਕ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਗੱਲ ਸਰਾਸਰ ਗ਼ਲਤ ਹੈ। ਉਨ੍ਹਾਂ ਸਪਸ਼ਟ ਕਰਵਾਇਆ ਕਿ ਬੀਜੇ ਦਿਨੀਂ ਮੁੱਖ ਚੋਣ ਕਮਿਸ਼ਨ ਨੇ ਵੀ ਇਹੀ ਕਿਹਾ ਸੀ ਕਿ ਈਵੀਐਮ ਨੂੰ ਇੰਨੀ ਆਸਾਨੀ ਨਾਲ ਹੈਕ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਜਨਤਾ ਨੇ ਉਨ੍ਹਾਂ ਨੂੰ ਜਸ਼ਨ ਮਨਾਉਣ ਦਾ ਮੌਕਾ ਦਿੱਤਾ ਹੈ।

ਦੇਸ਼ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਜੇਤੂ ਪਾਰਟੀ ਤੇ ਸਾਰੇ ਜੇਤੂ ਵਿਧਾਇਕਾਂ ਨੂੰ ਵਧਾਈ ਦਿੱਤੀ ਪਰ ਉਨ੍ਹਾਂ ਇਹ ਵੀ ਕਿਹਾ ਕਿ ਤੇਲੰਗਾਨਾ ਵਿੱਚ ਮਹਾਂਗਠਜੋੜ ਦੀ ਹਾਰ ਹੋਈ ਹੈ। ਉਨ੍ਹਾਂ ਦੇ ਇਲਾਵਾ ਪੱਛਮ ਬੰਗਾਲ ਦੀ ਸੀਐਮ ਮਮਤਾ ਬੈਨਰਜੀ ਨੇ ਚੁਟਕੀ ਲੈਂਦਿਆਂ ਕਿਹਾ ਕਿ ਲੋਕਤੰਤਰ ਵਿੱਚ ਹਮੇਸ਼ਾ ਜਨਤਾ ਹੀ ‘ਮੈਨ ਆਫ ਦ ਮੈਚ’ ਹੁੰਦੀ ਹੈ। 2019 ਦੇ ਫਾਈਨਲ ਮੈਚ ਦਾ ਇਹੀ ਅਸਲੀ ਸੰਕੇਤ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੇ ਬੀਜੇਪੀ ਖ਼ਿਲਾਫ਼ ਵੋਟ ਦਿੱਤੀ ਹੈ ਤੇ ਇਹ ਲੋਕਾਂ ਦਾ ਵੱਡਾ ਫੈਸਲਾ ਹੈ। ਅਨਿਆਂ ’ਤੇ ਲੋਕਤੰਤਰ ਦੀ ਜਿੱਤ ਹੈ।

ਕਾਂਗਰਸ ਦੇ ਵੱਡੇ ਲੀਡਰ ਤੇ ਮੱਧ ਪ੍ਰਦੇਸ਼ ਕਾਂਗਰਸ ਦੇ ਪ੍ਰਚਾਰ ਮੁਖੀ ਜਿਓਤੀਰਾਦਿੱਤਿਆ ਸਿੰਧਿਆ ਨੇ ਕਿਹਾ ਕਿ ਇਸ ਨਾਲ ਲੋਕਾਂ ਵਿੱਚ ਬਦਲਾਅ ਦੀ ਇੱਛਾ ਜ਼ਾਹਰ ਹੁੰਦੀ ਹੈ। ਕਾਂਗਰਸ ਨੂੰ ਮਿਲ ਰਹੀ ਬੜ੍ਹਤ ਨਾਲ ਪਾਰਟੀ ਵਰਕਰ ਜਸ਼ਨ ਵਿੱਚ ਡੁੱਬੇ ਹੋਏ ਹਨ। ਬੀਜੇਪੀ ਦੇ ਕੇਂਦਰ ਤੇ ਮਹਾਰਾਸ਼ਟਰ ਸਹਿਯੋਗੀ ਦਲ ਸ਼ਿਵ ਸੈਨਾ ਲੀਡਰ ਤੇ ਸਾਂਸਦ ਸੰਜੈ ਰਾਊਤ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਤਾਰੀਫ਼ ਕੀਤੀ। ਰਾਊਤ ਨੇ ਕਿਹਾ ਕਿ ਤਾਜ਼ਾ ਨਤੀਜਿਆਂ ਨੇ ਸਾਬਤ ਕਰ ਦਿੱਤਾ ਕਿ ਉਨ੍ਹਾਂ ਨੂੰ 2014 ਵਾਲਾ ਰਾਹੁਲ ਗਾਂਧੀ ਸਮਝਣ ਦੀ ਗ਼ਲਤੀ ਨਾ ਕੀਤੀ ਜਾਏ।