ਚੰਡੀਗੜ੍ਹ: ਇੰਡੀਅਨ ਪ੍ਰੀਮੀਅਰ ਲੀਗ ਦੇ ਪਹਿਲੇ ਮੁਖੀ ਲਲਿਤ ਮੋਦੀ ਦੀ ਪਤਨੀ ਮੀਨਲ ਮੋਦੀ ਦੀ ਕੈਂਸਰ ਕਾਰਨ ਮੌਤ ਹੋ ਗਈ। 64 ਸਾਲਾ ਮੀਨਲ ਨੇ ਸੋਮਵਾਰ ਨੂੰ ਆਖ਼ਰੀ ਸਾਹ ਲਏ। ਮੋਦੀ ਨੇ ਪਤਨੀ ਦੇ ਵਿਛੋੜੇ 'ਤੇ ਭਾਵੁਕ ਹੁੰਦਿਆਂ ਟਵੀਟ ਕੀਤਾ ਹੈ। ਉਸ ਨੇ ਆਪਣੀ ਪਤਨੀ ਨਾਲ ਪਿਆਰ ਦਾ ਪ੍ਰਗਟਾਵਾ ਕਰਦਿਆਂ ਉਸ ਦੀ ਰੂਹ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ। ਸੰਨ 1991 ਵਿੱਚ ਲਲਿਤ ਦਾ ਮੀਨਲ ਨਾਲ ਵਿਆਹ ਹੋਇਆ ਸੀ।


ਸਾਲ 2010 ਵਿੱਚ ਮੋਦੀ ਵਿਰੁੱਧ ਆਈਪੀਐਲ ਦੇ ਮੁਖੀ ਹੋਣ ਸਮੇਂ ਸੈਂਕੜੇ ਕਰੋੜ ਰੁਪਏ ਦੀ ਟੈਕਸ ਚੋਰੀ, ਕਾਲੇ ਧਨ ਦੀ ਜਮ੍ਹਾਖੋਰੀ ਜਿਹੇ ਇਲਜ਼ਾਮ ਲੱਗੇ ਸਨ, ਜਿਨ੍ਹਾਂ ਦੀ ਜਾਂਚ ਹਾਲੇ ਵੀ ਚੱਲ ਰਹੀ ਹੈ। ਅਗਲੇ ਸਾਲ ਮਾਰਚ ਵਿੱਚ ਈਡੀ ਦੀ ਸਿਫਾਰਸ਼ 'ਤੇ ਮੋਦੀ ਦਾ ਪਾਸਪੋਰਟ ਰੱਦ ਕਰ ਦਿੱਤਾ ਗਿਆ ਸੀ ਪਰ ਸਾਲ 2014 ਵਿੱਚ ਮੋਦੀ ਨੂੰ ਦੋ ਸਾਲ ਲਈ ਪਾਸਪੋਰਟ ਮਿਲ ਗਿਆ ਸੀ। ਇਸ ਮਾਮਲੇ ਵਿੱਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀ ਖਾਸੀ ਆਲੋਚਨਾ ਹੋਈ ਸੀ, ਪਰ ਉਨ੍ਹਾਂ ਤਰਕ ਦਿੱਤਾ ਸੀ ਕਿ ਮੋਦੀ ਦੀ ਪਤਨੀ ਦੇ ਕੈਂਸਰ ਦੇ ਇਲਾਜ ਲਈ ਲੰਡਨ ਜਾਣ ਖਾਤਰ ਉਨ੍ਹਾਂ ਅਜਿਹਾ ਕੀਤਾ ਸੀ।

ਸਾਲ 2016 ਵਿੱਚ ਲਲਿਤ ਮੋਦੀ ਵੱਲੋਂ ਪਤਨੀ ਤੇ ਬੱਚਿਆਂ ਸਮੇਤ ਸੇਂਟ ਲੂਸੀਆ ਦੇਸ਼ ਦੀ ਨਾਗਰਿਕਤਾ ਲਈ ਬਿਨੈ ਕਰਨ ਦੀਆਂ ਵੀ ਕਨਸੋਆਂ ਸਨ ਪਰ ਉਹ ਲਗਾਤਾਰ ਆਪਣੀ ਜਾਨ ਨੂੰ ਖ਼ਤਰਾ ਦੱਸਦਿਆਂ ਭਾਰਤ ਆਉਣ ਤੋਂ ਟਲਦਾ ਰਿਹਾ ਹੈ।