ਨਵੀਂ ਦਿੱਲੀ: ਚੋਣ ਕਮਿਸ਼ਨ ਨੇ ਕਰਨਾਟਕ ਵਿਧਾਨ ਸਭਾ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ ਕਰ ਦਿੱਤਾ ਹੈ। ਕਰਨਾਟਕ ਵਿੱਚ 12 ਮਈ ਨੂੰ ਵੋਟਾਂ ਪੈਣਗੀਆਂ ਤੇ 15 ਮਈ ਨੂੰ ਨਤੀਜਾ ਐਲਾਨਿਆ ਜਾਏਗਾ।
ਮੌਜੂਦਾ ਕਾਂਗਰਸ ਸਰਕਾਰ ਦਾ ਸਮਾਂ 28 ਮਈ, 2018 ਨੂੰ ਪੂਰਾ ਹੋਣ ਵਾਲਾ ਹੈ। 12 ਮਈ ਨੂੰ ਪੈਣ ਵਾਲੀਆਂ ਵੋਟਾਂ ਲਈ ਅੱਜ ਤੋਂ ਚੋਣ ਜ਼ਾਬਤਾ ਲਾਗੂ ਕੀਤਾ ਜਾ ਰਿਹਾ ਹੈ। ਕਮਿਸ਼ਨ ਨੇ ਦੱਸਿਆ ਕਿ ਕਰਨਾਟਕ ਵਿੱਚ 56 ਹਜ਼ਾਰ ਬੂਥ ਬਣਾਏ ਗਏ ਹਨ।
ਕਰਨਾਟਕ ਵਿੱਚ ਕੁੱਲ 213 ਵਿਧਾਨ ਸਭਾ ਹਲਕੇ ਹਨ ਤੇ 122 ਸੀਟਾਂ ਜਿੱਤ ਕੇ ਕਾਂਗਰਸ ਸੱਤਾ ਵਿੱਚ ਹੈ। ਭਾਰਤੀ ਜਨਤਾ ਪਾਰਟੀ 43 ਸੀਟਾਂ ਨਾਲ ਸੂਬੇ ਦੀ ਦੂਜੀ ਸਭ ਤੋਂ ਵੱਡੀ ਪਾਰਟੀ ਬਣੀ ਹੋਈ ਹੈ। ਇਹ ਚੋਣਾਂ ਕਾਂਗਰਸ ਲਈ ਬੇਹੱਦ ਜ਼ਰੂਰੀ ਹਨ।
ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ ਤਕਰੀਬਨ ਹਰ ਥਾਈਂ ਜਿੱਤ ਪ੍ਰਾਪਤ ਕੀਤੀ ਹੈ, ਇਸ ਕਾਰਨ ਕਾਂਗਰਸ ਲਈ ਉਸ ਦਾ ਟਾਕਰਾ ਕਰਨਾ ਬੇਹੱਦ ਮੁਸ਼ਕਿਲ ਤੇ ਚੁਨੌਤੀ ਭਰਪੂਰ ਹੋਵੇਗਾ। ਹੁਣ ਦੇਖਣਾ ਹੋਵੇਗਾ ਕਿ ਸੂਬੇ ਦੀ ਜਨਤਾ 12 ਮਈ ਨੂੰ ਕਿਸ ਪਾਰਟੀ ਵਿੱਚ ਆਪਣਾ ਵਿਸ਼ਵਾਸ ਜਤਾਉਂਦੀ ਹੈ।