ਚੰਡੀਗੜ੍ਹ : ਭਾਜਪਾ ਦੇ ਸੰਸਦ ਮੈਂਬਰ ਰਾਜ ਕੁਮਾਰ ਸੈਣੀ ਉੱਤੇ ਕੁਰੂਕਸ਼ੇਤਰ ਵਿੱਚ ਚਾਰ ਨੌਜਵਾਨਾਂ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਪਹਿਲਾਂ ਨੌਜਵਾਨ ਫ਼ਰਾਰ ਹੁੰਦੇ ਮੌਕੇ ਉੱਤੇ ਮੌਜੂਦ ਲੋਕਾਂ ਨੇ ਇਹਨਾਂ ਨੂੰ ਕਾਬੂ ਕਰ ਲਿਆ।
ਮਿਲੀ ਜਾਣਕਾਰੀ ਅਨੁਸਾਰ ਰਾਜ ਕੁਮਾਰ ਸੈਣੀ ਕੁਰੂਕਸ਼ੇਤਰ ਵਿੱਚ ਬੈਰਾਗੀ ਮਹਾਂ ਸਭਾ ਦੇ ਇੱਕ ਸਮਾਗਮ ਵਿੱਚ ਹਿੱਸਾ ਲੈਣ ਲਈ ਪਹੁੰਚੇ ਸਨ। ਇਸ ਦੌਰਾਨ ਅਚਾਨਕ ਚਾਰ ਨੌਜਵਾਨਾਂ ਨੇ ਸਾਂਸਦ ਉੱਤੇ ਕਾਲੀ ਸਿਆਹੀ ਸੁੱਟ ਦਿੱਤੀ। ਨੌਜਵਾਨਾਂ ਨੇ ਰਾਜ ਕੁਮਾਰ ਸੈਣੀ ਉੱਤੇ ਹਮਲਾ ਕਰਨ ਦੀ ਵੀ ਕੋਸ਼ਿਸ਼ ਕੀਤੀ।
ਪਰ ਸਾਂਸਦ ਦੇ ਸੁਰੱਖਿਆ ਦਸਤੇ ਅਤੇ ਲੋਕਾਂ ਨੇ ਤੁਰੰਤ ਇਹਨਾਂ ਨੂੰ ਫੜ ਲਿਆ ਅਤੇ ਕੁੱਟਮਾਰ ਕਰ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਯਾਦ ਰਹੇ ਕਿ ਬੀਜੇਪੀ ਸਾਂਸਦ ਰਾਜ ਕੁਮਾਰ ਸੈਣੀ ਜਾਟ ਰਾਖਵਾਂਕਰਨ ਦੇ ਵਿਰੋਧ ਵਿੱਚ ਬਿਆਨਬਾਜ਼ੀ ਕਰ ਕੇ ਚਰਚਾ ਵਿੱਚ ਆਏ ਸਨ। ਸੈਣੀ ਦੇ ਜਾਟਾਂ ਬਾਰੇ ਦਿੱਤੇ ਗਏ ਬਿਆਨ ਕਾਰਨ ਸੂਬੇ ਦਾ ਜਾਟ ਭਾਈਚਾਰਾ ਗ਼ੁੱਸੇ ਵਿੱਚ ਸੀ।