ਨੋਇਡਾ : ਯੂ ਪੀ ਏਟੀਐਸ ਨੇ ਸ਼ਨੀਵਾਰ ਰਾਤੀ ਦਿੱਲੀ- NCR ਵਿਚੋਂ 11 ਨਕਸਲੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਇਹਨਾਂ ਕੋਲੋਂ 6 ਪਿਸਟਲ, 50 ਕਾਰਤੂਸ, ਗਰਨੇਡ ,3 ਕਾਰਾਂ, 2 ਲੈਪਟਾਪ ਅਤੇ ਹੋਰ ਸਮਾਨ ਬਰਾਮਦ ਕੀਤਾ ਹੈ। ਪੁਲਿਸ ਦਾ ਦਾਅਵਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਲੋਕ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫ਼ਿਰਾਕ ਵਿੱਚ ਸਨ। ਐਨ ਆਈ ਏ ਤੋਂ  ਖ਼ੁਫ਼ੀਆ ਜਾਣਕਾਰੀ ਮਿਲਣ ਤੋਂ ਬਾਅਦ ਏਟੀਐਸ ਨੇ ਇਹ ਕਾਰਵਾਈ ਕੀਤੀ ਹੈ।

ਜਾਣਕਾਰੀ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਆਰੋਪੀ ਹਿੰਡਨ ਵਿਹਾਰ ਦੇ ਫਲੈਟ ਨੰਬਰ 1 ਅਤੇ 3 ਵਿੱਚ ਕਿਰਾਏ ਉੱਤੇ ਰਹਿੰਦੇ ਸਨ। ਏਟੀਐਸ ਨੇ ਇਹਨਾਂ ਕੋਲੋਂ ਅਹਿਮ ਦਸਤਾਵੇਜ਼ ਅਤੇ ਨਕਸ਼ੇ ਬਰਾਮਦ ਕੀਤੇ ਹਨ। ਏਟੀਐਸ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਨਕਸਲੀ ਕਾਫ਼ੀ ਸਮੇਂ ਤੋਂ ਇੱਥੇ ਕਿਰਾਏ ਉੱਤੇ ਰਹਿ ਰਹੇ ਸਨ। ਏਟੀਐਸ ਅਨੁਸਾਰ ਨਕਸਲੀਆਂ ਨੂੰ ਮਿਲਣ ਲਈ ਮੁੰਬਈ ਅਤੇ ਯੂ ਪੀ ਤੋਂ ਕਾਫ਼ੀ ਜ਼ਿਆਦਾ ਗਿਣਤੀ ਵਿੱਚ ਲੋਕ ਆਉਂਦੇ ਸਨ।

ਮਿਲੀ ਜਾਣਕਾਰੀ ਅਨੁਸਾਰ ਯੂ ਪੀ ਪੁਲਿਸ ਦੇ ਖ਼ਾਸ ਕਮਾਂਡੋ ਨੇ ਬੀਤੀ ਰਾਤ ਇਲਾਕੇ ਵਿੱਚ ਰੇਡ ਕੀਤੀ। ਇਸ ਤੋਂ ਬਾਅਦ ਕਮਾਂਡੋਜ਼ ਨੇ ਨਕਸਲੀਆਂ ਦੇ ਇੱਕ ਸਾਥੀ ਨੂੰ ਫਲੈਟ ਦੇ ਬਾਹਰ ਹੀ ਕਾਬੂ ਕਰ ਲਿਆ। ਇਸ ਨਕਸਲੀ ਦੀ ਮਦਦ ਨਾਲ ਸੁਰੱਖਿਆ ਬਲਾਂ ਨੇ ਬਾਕੀ ਸਾਥੀਆਂ ਨੂੰ ਆਸਾਨੀ ਨਾਲ ਕਾਬੂ ਕਰ ਲਿਆ। ਏਟੀਐਸ ਦੇ ਆਈ ਜੀ ਅਸੀਮ ਅਰੁਣ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਨਕਸਲੀਆਂ ਵਿਚੋਂ ਇੱਕ ਬੰਬ ਬਣਾਉਣ ਦਾ ਮਾਹਿਰ ਹੈ।