ਹਰਿਦੁਆਰ: ਰਾਜਨੀਤਕ ਬਿਆਨਾਂ ਤੇ ਪਤੰਜਲੀ ਉਤਪਾਦਾਂ ਦੇ ਜ਼ਰੀਏ ਖ਼ਬਰਾਂ ਵਿੱਚ ਆਏ ਯੋਗ ਗੁਰੂ ਬਾਬਾ ਰਾਮਦੇਵ ਹੁਣ ਆਪਣੀ ਜੀਵਨੀ 'ਬਿਇੰਗ ਬਾਬਾ ਰਾਮਦੇਵ' ਨੂੰ ਲੈ ਕੇ ਇੱਕ ਵਾਰ ਫਿਰ ਚਰਚਾਂ ਵਿੱਚ ਹਨ। ਦਿਲਚਸਪ ਗੱਲ ਇਹ ਹੈ ਕਿ ਇਸ ਨੂੰ ਰਾਮਦੇਵ ਖ਼ੁਦ ਲਿਖ ਰਹੇ ਹਨ।
ਉਨ੍ਹਾਂ ਦੀ ਜੀਵਨੀ 'ਤੇ ਕੰਮ ਸ਼ੁਰੂ ਹੋ ਚੁੱਕਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਜੀਵਨੀ ਵਿੱਚ ਉਨ੍ਹਾਂ ਦੇ ਯੋਗ, ਪਤੰਜਲੀ ਤੇ ਰਾਜਨੀਤਕ ਘਟਨਾਵਾਂ ਦਾ ਜ਼ਿਕਰ ਕੀਤਾ ਜਾਏਗਾ। ਇਹ ਜੀਵਨੀ ਅਗਲੇ ਸਾਲ ਛਾਪੀ ਜਾਏਗੀ।
ਜੀਵਨੀ ਨੂੰ ਲੈ ਕੇ ਰਾਮਦੇਵ ਨੇ ਕਿਹਾ, 'ਮੇਰੇ ਬਾਰੇ ਮੀਡੀਆ ਵਿੱਚ ਪਹਿਲਾਂ ਹੀ ਬਹੁਤ ਲੋਕ ਬਹੁਤ ਕੁੱਝ ਲਿਖ ਚੁੱਕੇ ਹਨ। ਪਰ ਹੁਣ ਆਪਣੀ ਜੀਵਨੀ ਵਿੱਚ ਮੈਂ ਆਪਣੇ ਸ਼ਬਦਾਂ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਲੋਕਾਂ ਦੇ ਸਾਹਮਣੇ ਰੱਖਾਂਗਾ।'
ਜਾਣਕਾਰੀ ਮੁਤਾਬਕ, ਇਸ ਜੀਵਨੀ ਵਿੱਚ ਰਾਮਦੇਵ ਦੇ ਬਚਪਨ, ਉਨ੍ਹਾਂ ਦੇ ਜੀਵਨ, ਯੋਗ ਗੁਰੂ ਬਣਨ ਦਾ ਦੌਰਾ ਤੇ ਦੇਸ਼ ਦੇ ਹਿਤ ਵਿੱਚ ਚਲਾਏ ਗਏ ਅੰਦੋਲਨ ਜਿਵੇਂ ਕਿ ਕਾਲਾ ਧਨ ਤੇ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਅੰਦੋਲਨ ਕਰਨ ਦਾ ਵੀ ਜ਼ਿਕਰ ਕੀਤਾ ਜਾਏਗਾ।
ਸੂਤਰਾਂ ਮੁਤਾਬਕ, ਜੀਵਨੀ ਵਿੱਚ ਕੁੱਝ ਜਾਣਕਾਰੀਆਂ ਅਜਿਹੀਆਂ ਵੀ ਹੋਣਗੀਆਂ, ਜਿਨ੍ਹਾਂ ਦੀ ਜਾਣਕਾਰੀ ਫ਼ਿਲਹਾਲ ਕਿਸੇ ਕੋਲ ਨਹੀਂ ਹੈ।