ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ਵਿੱਚ ਵੱਡੀ ਖ਼ਾਮੀ ਵਿਖਾਈ ਦਿੱਤੀ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਸਕੱਤਰੇਤ ਅੰਦਰ ਹੀ ਹਮਲਾ ਕੀਤਾ ਗਿਆ ਹੈ। ਕੇਜਰੀਵਾਲ 'ਤੇ ਇੱਕ ਵਿਅਕਤੀ ਨੇ ਮਿਰਚਾਂ ਦਾ ਪਾਊਡਰ ਸੁੱਟਿਆ ਤੇ ਇਸ ਹਮਲੇ ਵਿੱਚ ਉਨ੍ਹਾਂ ਦੀ ਨਜ਼ਰ ਵਾਲੀ ਐਨਕ ਵੀ ਟੁੱਟ ਗਈ।

ਹਮਲਾਵਰ ਦੀ ਸ਼ਨਾਖ਼ਤ 42 ਸਾਲ ਦੇ ਅਨਿਲ ਕੁਮਾਰ ਵਜੋਂ ਹੋਈ ਹੈ। ਹਮਲਾਵਰ ਕੇਜਰੀਵਾਲ ਨਾਲ ਗੱਲ ਕਰਨ ਦੇ ਬਹਾਨੇ ਨੇੜੇ ਗਿਆ ਤੇ ਹਮਲਾ ਕਰ ਦਿੱਤਾ। ਸੂਤਰਾਂ ਮੁਤਾਬਕ ਉਸ ਨੇ ਦਾਅਵਾ ਕੀਤਾ ਹੈ ਕਿ ਹਮਲੇ ਬਾਰੇ ਉਸ ਨੇ ਪਹਿਲਾਂ ਆਪਣੀ ਫੇਸਬੁੱਕ 'ਤੇ ਐਲਾਨ ਵੀ ਕੀਤਾ ਸੀ। ਇਹ ਪਹਿਲਾ ਮੌਕਾ ਨਹੀਂ ਜਦ ਕੇਜਰੀਵਾਲ 'ਤੇ ਕੋਈ ਹਮਲਾ ਹੋਇਆ ਹੈ। ਇਸ ਤੋਂ ਪਹਿਲਾਂ ਤਿੰਨ ਵਾਰ ਉਨ੍ਹਾਂ 'ਤੇ ਹਮਲਾ ਹੋ ਚੁੱਕਿਆ ਹੈ ਪਰ ਦਿੱਲੀ ਪੁਲਿਸ ਮੁੱਖ ਮੰਤਰੀ ਦੀ ਇੰਨੀ ਸੁਰੱਖਿਆ ਕਰਦੀ ਹੈ ਕਿ ਚੌਥਾ ਹਮਲਾ ਵੀ ਹੋ ਗਿਆ।



ਦਿੱਲੀ ਸਕੱਤਰੇਤ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਸਖ਼ਤ ਸੁਰੱਖਿਆ ਪ੍ਰਬੰਧਾਂ ਵਿੱਚੋਂ ਗੁਜ਼ਰਨਾ ਪੈਂਦਾ ਹੈ ਤੇ ਅਜਿਹੇ ਵਿੱਚ ਕੋਈ ਵਿਅਕਤੀ ਆਪਣੇ ਨਾਲ ਮਿਰਚ ਪਾਊਡਰ ਲੈ ਕੇ ਮੁੱਖ ਮੰਤਰੀ ਕੋਲ ਕਿਵੇਂ ਪਹੁੰਚ ਗਿਆ, ਇਹ ਵੱਡਾ ਸਵਾਲ ਹੈ।

ਉੱਧਰ, ਭਾਜਪਾ ਨੇ ਇਸ ਘਟਨਾ ਤੋਂ ਬਾਅਦ ਕੇਜਰੀਵਾਲ 'ਤੇ ਹੀ ਨਿਸ਼ਾਨਾ ਲਾਇਆ ਹੈ। ਬੀਜੇਪੀ ਨੇਤਾ ਤੇਜਿੰਦਰ ਬੱਗਾ ਨੇ ਕਿਹਾ ਕਿ ਉਹ ਹੈਰਾਨ ਹਨ ਕਿ ਕੇਜਰੀਵਾਲ ਨੇ ਹਾਲੇ ਤਕ ਮੋਦੀ ਦਾ ਨਾਂ ਕਿਉਂ ਨਹੀਂ ਲਿਆ। ਉਨ੍ਹਾਂ ਕਿਹਾ ਕਿ ਉਹ ਉਡੀਕ ਰਹੇ ਹਨ ਕਿ ਉਹ ਟਵੀਟ ਕਰਨ ਕਿ ਮਿਰਚ ਪਾਊਡਰ ਮੋਦੀ ਜੀ ਨੇ ਭੇਜਿਆ ਹੈ। ਬੱਗਾ ਨੇ ਖ਼ਦਸ਼ਾ ਜਤਾਇਆ ਕਿ ਖ਼ੁਦ ਨੂੰ ਵਿਚਾਰਾ ਦਰਸਾਉਣ ਲਈ ਉਹ ਖ਼ੁਦ ਹੀ ਹਮਲਾ ਕਰਾਵ ਲੈਂਦੇ ਹਨ ਤੇ ਹਮਲਾਵਰਾਂ ਵਿਰੁੱਧ ਐਫਆਈਆਰ ਕਿਉਂ ਨਹੀਂ ਕਰਵਾਉਂਦੇ?