ਸਿਡਨੀ: ਭਾਰਤ ਨੇ ਚਾਰ ਮੈਚਾਂ ਦੀ ਟੈਸਟ ਲੜੀ ਦੇ ਚੌਥੇ ਤੇ ਆਖ਼ਰੀ ਮੈਚ ਦੇ ਦੌੜਾਂ ਦਾ ਪਹਾੜ ਖੜ੍ਹਾ ਕਰ ਦਿੱਤਾ ਹੈ। ਦੂਜੇ ਦਿਨ ਦੀ ਖੇਡ ਖ਼ਤਮ ਹੋਣ ਤੋਂ ਪਹਿਲਾਂ ਭਾਰਤ ਨੇ ਸੱਤ ਵਿਕਟਾਂ ਗਵਾ ਕੇ 622 ਦੌੜਾਂ ਬਣਾ ਕੇ ਪਾਰੀ ਦਾ ਐਲਾਨ ਕਰ ਦਿੱਤਾ ਹੈ। ਮਹਿਮਾਨ ਟੀਮ ਨੇ 167.2 ਓਵਰਾਂ ਦਾ ਸਾਹਮਣਾ ਕੀਤਾ। ਮੇਜ਼ਬਾਨ ਟੀਮ ਨੇ ਵੱਡੇ ਸਕੋਰ ਦਾ ਪਿੱਛਾ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ। 10 ਓਵਰ ਖੇਡ ਕੇ ਆਸਟ੍ਰੇਲੀਆ ਨੇ ਬਗ਼ੈਰ ਕਿਸੇ ਨੁਕਸਾਨ ਤੋਂ 24 ਦੌੜਾਂ ਬਣਾ ਲਈਆਂ ਹਨ।
ਭਾਰਤੀ ਬੱਲੇਬਾਜ਼ਾਂ ਨੇ ਸ਼ਾਨਦਾਰ ਖੇਡ ਦਿਖਾਈ। ਚਾਰ ਬੱਲੇਬਾਜ਼ਾਂ ਨੇ ਦੋ-ਦੋ ਸੈਂਕੜੇ ਤੇ ਦੋ-ਦੋ ਅਰਧ ਸੈਂਕੜੇ ਬਣਾਏ। ਚੇਤੇਸ਼ਵਰ ਪੁਜਾਰਾ ਨੇ 373 ਗੇਂਦਾਂ 'ਤੇ ਸ਼ਾਨਦਾਰ 193 ਦੌੜਾਂ ਬਣਾਈਆਂ। ਦੋਹਰੇ ਸੈਂਕੜੇ ਤੋਂ ਸੱਤ ਦੌੜਾਂ ਬਾਕੀ ਰਹਿੰਦੇ ਉਹ ਨਾਥਨ ਲਿਓਨ ਦੀ ਗੇਂਦ 'ਤੇ ਉਨ੍ਹਾਂ ਨੂੰ ਹੀ ਕੈਚ ਦੇ ਬੈਠੇ। ਪਾਰੀ ਐਲਾਨੇ ਜਾਣ ਤਕ ਰਿਸ਼ਭ ਪੰਤ ਨੇ 189 ਗੇਂਦਾਂ ਵਿੱਚ ਨਾਬਾਦ 159 ਦੌੜਾਂ ਬਣਾਈਆਂ। ਸਲਾਮੀ ਬੱਲੇਬਾਜ਼ ਮਿਅੰਕ ਅੱਗਰਵਾਲ ਤੇ ਮੱਧ ਕ੍ਰਮ ਦੇ ਖਿਡਾਰੀ ਰਵਿੰਦਰ ਜਡੇਜਾ ਨੇ ਕ੍ਰਮਵਾਰ 77 ਤੇ 81 ਦੌੜਾਂ ਬਣਾਈਆਂ।
ਆਸਟ੍ਰੇਲੀਆ ਦੇ ਨਾਥਨ ਲਿਓਨ ਸਭ ਤੋਂ ਸਫ਼ਲ ਗੇਂਦਬਾਜ਼ ਰਹੇ। ਉਨ੍ਹਾਂ ਨਾ ਸਿਰਫ਼ ਸਭ ਤੋਂ ਵੱਧ ਚਾਰ ਬੇਹੱਦ ਅਹਿਮ ਵਿਕਟਾਂ ਲਈਆਂ ਬਲਕਿ ਮਿਅੰਕ ਅੱਗਰਵਾਲ ਤੇ ਰਵਿੰਦਰ ਜਡੇਜਾ ਨੂੰ ਸੈਂਕੜੇ ਅਤੇ ਚੇਤੇਸ਼ਵਰ ਪੁਜਾਰਾ ਨੂੰ ਦੋਹਰਾ ਸੈਂਕੜਾ ਬਣਾਉਣ ਤੋਂ ਵੀ ਰੋਕਿਆ। ਜੋਸ਼ ਹੇਜ਼ਲਵੁੱਡ ਨੇ ਦੋ ਤੇ ਮਿਸ਼ੇਲ ਸਟਾਰਕ ਨੇ ਇੱਕ ਭਾਰਤੀ ਖਿਡਾਰੀ ਨੂੰ ਪੈਵੇਲੀਅਨ ਤੋਰਿਆ।
ਹੁਣ ਆਸਟ੍ਰੇਲੀਆ ਕੋਲ ਤਿੰਨ ਦਿਨ ਬਾਕੀ ਹਨ ਅਤੇ ਬੱਲੇਬਾਜ਼ਾਂ ਨੂੰ ਕਾਫੀ ਮਿਹਨਤ ਕਰਨ ਦੀ ਲੋੜ ਪਵੇਗੀ। ਭਾਰਤ ਇਸ ਚਾਰ ਟੈਸਟ ਮੈਚਾਂ ਦੀ ਲੜੀ ਵਿੱਚ ਦੋ-ਇੱਕ ਨਾਲ ਅੱਗੇ ਹੈ ਤੇ ਆਖ਼ਰੀ ਮੁਕਾਬਲਾ ਜਿੱਤ ਕੇ ਪਹਿਲੀ ਵਾਰ ਆਸਟ੍ਰੇਲੀਆਈ ਧਰਤੀ 'ਤੇ ਟੈਸਟ ਲੜੀ ਆਪਣੇ ਨਾਂ ਕਰਨਾ ਚਾਹੇਗਾ।