ਇਸਲਾਮਾਬਾਦ: ਪਾਕਿਸਤਾਨ ਨੇ ਵੀਰਵਾਰ ਨੂੰ ਇੱਕ ਵਾਰ ਫਿਰ 2016 ਦੀ ਸਰਕਲ ਸਟ੍ਰਾਈਕ ਨੂੰ 'ਭਾਰਤੀ ਕਲਪਨਾ ਦੀ ਉਡਾਣ' ਕਰਾਰ ਦੇ ਕੇ ਖਾਰਜ ਕਰ ਦਿੱਤਾ ਹੈ। ਪਾਕਿਸਤਾਨ ਨੇ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਹੋਈ ਸੀ। ਯਾਦ ਰਹੇ ਕਿ ਭਾਰਤੀ ਫੌਜ ਨੇ 26 ਸਤੰਬਰ, 2016 ਨੂੰ ਕੰਟਰੋਲ ਰੇਖਾ ਦੇ ਪਾਰ ਅੱਤਵਾਦੀ ਲਾਂਚ ਪੈਡ 'ਤੇ ਸਰਜੀਕਲ ਸਟ੍ਰਾਈਕ ਕੀਤੀ ਸੀ, ਪਰ ਪਾਕਿਸਤਾਨ ਨੇ ਇਸ ਤਰ੍ਹਾਂ ਦੇ ਹਮਲੇ ਤੋਂ ਇਨਕਾਰ ਕੀਤਾ ਹੈ।


ਪਾਕਿਸਤਾਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਮੁਹੰਮਦ ਫੈਸਲ ਨੂੰ ਆਪਣੇ ਹਫ਼ਤਾਵਰੀ ਬਰੀਫਿੰਗ ਦੌਰਾਨ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੰਟਰਵਿਊ ਦੌਰਾਨ ਸਰਜੀਕਲ ਸਟ੍ਰਾਈਕ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਅਜਿਹਾ ਕੁਝ ਨਹੀਂ ਹੋਇਆ ਸੀ। ਇਹ ਭਾਰਤੀ ਕਲਪਨਾ ਦੀ ਉਡਾਣ ਹੈ। ਉਨ੍ਹਾਂ ਕਿਹਾ ਕਿ ਖ਼ੁਦ ਭਾਰਤੀ ਮੀਡੀਆ ਵੀ ਆਪਣੀ ਸਰਕਾਰ ਦੇ ਦਾਅਵਿਆਂ 'ਤੇ ਸ਼ੱਕ ਕਰ ਰਿਹਾ ਹੈ।

ਮੰਗਲਵਾਰ ਨੂੰ ਦਿੱਤੀ ਇੰਟਰਵਿਊ 'ਚ ਪੀਐਮ ਮੋਦੀ ਨੇ ਕਿਹਾ ਸੀ ਕਿ ਇਹ ਸੋਚਣਾ ਵੱਡੀ ਗਲਤੀ ਹੋਵੇਗੀ ਕਿ ਬੱਸ ਇੱਕ ਲੜਾਈ 'ਚ ਹੀ ਪਾਕਿਸਤਾਨ ਆਪਣਾ ਰਾਹ ਬਦਲ ਲਵੇਗਾ। ਇਸ ਗੱਲ ਤੋਂ ਉਨ੍ਹਾਂ ਦਾ ਇਸ਼ਾਰਾ 2016 ਦੀ ਸਰਜੀਕਲ ਸਟ੍ਰਾਈਕ ਵੱਲ ਸੀ। ਜਦੋਂ ਫੈਜ਼ਲ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਗੱਲਬਾਤ ਕਰਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਜੇ ਭਾਰਤ ਗੱਲਬਾਤ ਕਰਨ ਤੋਂ ਝਿਜਕਿਆ ਤਾਂ ਅਸੀਂ ਕੁਝ ਖਾਸ ਨਹੀਂ ਕਰ ਸਕਦੇ। ਦੋਵਾਂ ਨੂੰ ਅੱਗੇ ਆਉਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਤੇ ਸਾਡਾ ਪੱਖ ਸਪਸ਼ਟ ਹੈ।

ਭਾਰਤ ਨੇ ਵੀ ਪਾਕਿਸਤਾਨ ਨੂੰ ਸਪਸ਼ਟ ਕਰ ਦਿੱਤਾ ਹੈ ਕਿ ਗੱਲਬਾਤ ਅਤੇ ਅੱਤਵਾਦ ਇਕੱਠੇ ਨਹੀਂ ਚੱਲ ਸਕਦੇ। ਭਾਰਤ-ਪਾਕਿਸਤਾਨ ਸਬੰਧਾਂ ਨੂੰ ਮੁਸ਼ਕਲ ਅਤੇ ਗੁੰਝਲਦਾਰ ਕਰਾਰ ਦਿੰਦਿਆਂ ਕਿਹਾ ਗਿਆ ਕਿ ਭਾਰਤ ਹੌਲੀ-ਹੌਲੀ ਅੱਗੇ ਵਧ ਰਿਹਾ ਹੈ।