ਨਵੀਂ ਦਿੱਲੀ: ਬੀਤੇ ਐਤਵਾਰ ਨੂੰ ਦੇਸ਼ ਦੀ ਕੌਮੀ ਰਾਜਧਾਨੀ ਵਿੱਚ ਖ਼ੁਦਕੁਸ਼ੀ ਦੀ ਕੋਸ਼ਿਸ਼ ਦੌਰਾਨ ਡੁੱਬ ਰਹੀਆਂ ਮਾਂ-ਧੀ ਨੂੰ ਬਚਾਉਣ ਲਈ ਪਾਣੀ 'ਚ ਕੁੱਦੇ ਆਟੋ ਰਿਕਸ਼ਾ ਚਾਲਕ ਨੂੰ ਆਪਣੀ ਜਾਨ ਦੀ ਕੁਰਬਾਨੀ ਦੇਣੀ ਪੈ ਗਈ। 30 ਸਾਲਾ ਰਿਕਸ਼ਾ ਚਾਲਕ ਪਵਨ ਨੇ ਮੀਠਾਪੁਰ ਨਹਿਰ ਦੇ ਪੁਲ ਤੋਂ ਪਾਣੀ ਵਿੱਚ ਡੁੱਬ ਰਹੀ ਔਰਤ ਤੇ ਉਸ ਦੀ ਬੱਚੀ ਨੂੰ ਦੇਖਿਆ।
ਪਵਨ ਨੇ ਤੁਰੰਤ ਆਪਣਾ ਆਟੋ ਪੁਲ 'ਤੇ ਹੀ ਖੜ੍ਹਾ ਕੀਤਾ ਤੇ ਬਗ਼ੈਰ ਕੁਝ ਸੋਚੇ ਸਮਝੇ ਪਾਣੀ ਵਿੱਚ ਛਾਲ ਮਾਰ ਦਿੱਤੀ। ਪਵਨ ਨੇ ਰੌਲਾ ਵੀ ਪਾਇਆ ਤੇ ਉਸ ਦੀ ਆਵਾਜ਼ ਸੁਣ ਕੇ ਨੇੜਿਓਂ ਲੰਘ ਰਹੇ ਤਿੰਨ ਜਣੇ ਮਦਦ ਲਈ ਆ ਗਏ। ਚਾਰਾਂ ਨੇ ਕੰਢੇ ਤੋਂ ਲੈ ਕੇ ਪਾਣੀ ਤਕ ਇੱਕ ਦੂਜੇ ਦੇ ਹੱਥ ਫੜ ਕੇ ਮਨੁੱਖੀ ਕੜੀ ਬਣਾ ਲਈ ਤੇ ਮਾਂ-ਧੀ ਨੂੰ ਬਾਹਰ ਕੱਢਿਆ।
ਹਾਲਾਂਕਿ, ਜਦ ਉਹ ਪਵਨ ਨੂੰ ਬਾਹਰ ਕੱਢਣ ਲਈ ਵਧੇ ਤਾਂ ਦੇਰ ਹੋ ਚੁੱਕੀ ਸੀ। ਪਵਨ ਬੇਸੁਧ ਹੋ ਕੇ ਪਾਣੀ ਦੇ ਵਹਾਅ ਨਾਲ ਹੀ ਰੁੜ੍ਹ ਗਿਆ। ਚਾਰ ਦਿਨ ਬੀਤਣ 'ਤੇ ਵੀ ਉਸ ਦੀ ਲਾਸ਼ ਦਾ ਕੋਈ ਥਹੁ ਪਤਾ ਨਹੀਂ ਲੱਗਾ ਹੈ।
ਮਾਂ-ਧੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ ਤੇ ਦੋਵਾਂ ਦੀ ਹਾਲਤ ਸਥਿਰ ਹੈ। ਮਾਮਲੇ ਦੀ ਜਾਂਚ ਦੌਰਾਨ ਪੁਲਿਸ ਨੇ ਪਤਾ ਕੀਤਾ ਕਿ ਔਰਤ ਨੇ ਆਪਣੇ ਪਤੀ ਨਾਲ ਲੜਾਈ ਤੋਂ ਬਾਅਦ ਬੱਚੀ ਸਮੇਤ ਖ਼ੁਦਕੁਸ਼ੀ ਕਰਨ ਲਈ ਨਹਿਰ ਵਿੱਚ ਛਾਲ ਮਾਰੀ ਸੀ।