ਚੰਡੀਗੜ੍: ਹਰਿਆਣਾ ਦੇ ਜੇਲ ਮੰਤਰੀ ਕ੍ਰਿਸ਼ਨ ਲਾਲ ਪਵਾਰ ਨੇ ਕਿਹਾ ਕਿ ਰੋਹਤਕ ਦੀ ਸੁਨਾਰੀਆ ਜੇਲ 'ਚ ਬਲਾਤਕਾਰ ਦੇ ਦੋਸ਼ ਵਿਚ ਸਜ਼ਾਯਾਫ਼ਤਾ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਆਮ ਕੈਦੀਆਂ ਵਾਂਗ ਰਖਿਆ ਗਿਆ ਹੈ ਅਤੇ ਕੋਈ ਵਾਧੂ ਸਹੂਲਤ ਨਹੀਂ ਦਿਤੀ ਜਾ ਰਹੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਵਾਰ ਨੇ ਦਸਿਆ ਕਿ ਗੁਰਮੀਤ ਰਾਮ ਰਹੀਮ ਨੂੰ ਆਮ ਕੈਦੀਆਂ ਵਾਂਗ ਦਾਲ ਰੋਟੀ ਦਿਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬਹੁਤ ਦੇਰ ਪਹਿਲਾਂ ਤੋਂ ਹੀ ਦਾਲ ਰੋਟੀ ਦਾ ਜੇਲ ਵਿਚ ਪ੍ਰਬੰਧ ਕੀਤਾ ਜਾਂਦਾ ਰਿਹਾ ਹੈ, ਪਰ ਹੁਣ ਕਾਲੇ ਛੋਲੇ, ਰਾਜਮਾਂਹ, 250 ਗ੍ਰਾਮ ਦੁੱਧ ਤੇ ਪੰਜ ਰੋਟੀਆਂ ਦਾ ਬੰਦੋਬਸਤ ਕੀਤਾ ਹੈ।
ਉਨ੍ਹਾਂ ਦਸਿਆ ਕਿ ਜੇਲ ਵਿਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਹਨ। ਉਨ੍ਹਾਂ ਕਿਹਾ ਕਿ ਜੇਲ ਅਧਿਕਾਰੀਆਂ ਨੂੰ ਸੁਰੱਖਿਆ ਵਿਚ ਕਿਸੇ ਵੀ ਤਰ੍ਹਾਂ ਦੀ ਢਿੱਲ ਨਾ ਵਰਤਣ ਦੇ ਹੁਕਮ ਜਾਰੀ ਕੀਤੇ ਗਏ ਹਨ।