ਨਵੀਂ ਦਿੱਲੀ: ਯੂਪੀ ਦੇ ਬੀਆਰਡੀ ਹਸਪਤਾਲ 'ਚ ਮਾਸੂਮਾਂ ਦੀ ਮੌਤ ਤੋਂ ਬਾਅਦ ਜਿੱਥੇ ਵਿਰੋਧੀ ਧਿਰਾਂ ਮੁੱਖ ਮੰਤਰੀ ਯੋਗੀ 'ਤੇ ਨਿਸ਼ਾਨੇ ਸਾਧ ਰਹੀਆਂ ਹਨ। ਉੱਥੇ ਹੁਣ ਯੋਗੀ ਨੇ ਇੱਕ ਹੋਰ ਵਿਵਾਦਿਤ ਬਿਆਨ ਦੇ ਕੇ ਵਿਰੋਧੀਆਂ ਨੂੰ ਮੌਕਾ ਦੇ ਦਿੱਤਾ ਹੈ।
ਯੋਗੀ ਨੇ ਬੇਹੱਦ ਸ਼ਰਮਨਾਕ ਬਿਆਨ ਦਿੰਦਿਆਂ ਕਿਹਾ ਹੈ, ''ਅਸੀਂ ਲੋਕਾਂ ਨੇ ਆਪਣੀ ਜ਼ਿੰਮੇਦਾਰੀ ਸਰਕਾਰ 'ਤੇ ਪਾ ਦਿੱਤੀ ਹੈ। ਜਿਵੇਂ ਅਸੀਂ ਸਭ ਜ਼ਿੰਮੇਵਾਰੀਆਂ ਤੋਂ ਮੁਕਤ ਹੋ ਗਏ ਹੋਈਏ।" ਇੰਨਾ ਹੀ ਨਹੀਂ ਯੋਗੀ ਨੇ ਕਿਹਾ, "ਮੈਨੂੰ ਕਦੇ-ਕਦੇ ਤਾਂ ਇੰਜ ਲੱਗਦਾ ਹੈ ਕਿ ਇੱਕ ਸਮੇਂ ਬਾਅਦ ਅਜਿਹਾ ਨਾ ਹੋਵੇ ਕਿ ਲੋਕ ਆਪਣੇ ਬੱਚਿਆਂ ਨੂੰ ਇੱਕ-ਦੋ ਸਾਲ ਦੇ ਹੁੰਦਿਆਂ ਹੀ ਸਰਕਾਰ ਦੇ ਭਰੋਸੇ ਛੱਡ ਦੇਣ ਕਿ ਸਰਕਾਰ ਹੀ ਇਨ੍ਹਾਂ ਬੱਚਿਆਂ ਦਾ ਪਾਲਣ ਪੋਸ਼ਣ ਕਰੇਗੀ।"
ਦੱਸ ਦਈਏ ਕਿ ਗੋਰਖਪੁਰ ਦੇ ਬੀਆਰਡੀ ਹਸਪਤਾਲ 'ਚ ਸਿਰਫ ਅਗਸਤ ਮਹੀਨੇ 'ਚ ਦਾਖਲ 290 ਬੱਚਿਆਂ ਦੀ ਮੌਤ ਹੋਈ ਹੈ। ਇਨ੍ਹਾਂ 'ਚ 36 ਮੌਤਾਂ ਤਾਂ ਆਕਸੀਜਨ ਦੀ ਕਮੀ ਕਾਰਨ ਹੋਈਆਂ ਹਨ, ਜਿਸ 'ਤੇ ਭਾਰੀ ਹੰਗਾਮਾ ਮੱਚਿਆ ਸੀ। ਬਾਕੀ ਬੱਚਿਆਂ ਦੀ ਮੌਤ ਇੰਫੋਲਾਇਟਸ ਨਾਲ ਹੋਈ ਹੈ।