ਬਹਾਦੁਰਗੜ: ਬਹਾਦੁਰਗੜ ਕੈਮੀਕਲ ਫੈਕਟਰੀ 'ਚ ਕੱਲ੍ਹ ਹੋਏ ਬਾਇਲਰ ਧਮਾਕੇ ਤੋਂ ਬਾਅਦ ਤਬਾਹ ਹੋਈਆਂ ਫੈਕਟਰੀਆਂ ਦੇ ਮਲਬੇ ਵਿੱਚ 3 ਤੋਂ 4 ਮਜ਼ਦੂਰ ਅਜੇ ਵੀ ਦੱਬੇ ਹੋ ਸਕਦੇ ਹਨ। ਜਿਸ ਦੀ ਭਾਲ ਵਿੱਚ ਐਨਡੀਆਰਐਫ ਟੀਮਾਂ ਦਿਨ-ਰਾਤ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ। ਇਸ ਦੌਰਾਨ ਇੱਕ ਹੋਰ ਮਜ਼ਦੂਰ ਦੀ ਲਾਸ਼ ਰਾਤ ਨੂੰ ਮਲਬੇ ਵਿਚੋਂ ਬਾਹਰ ਕੱਢਿਆ ਗਿਆ। ਇਸ ਤਰ੍ਹਾਂ, ਇਸ ਦਰਦਨਾਕ ਹਾਦਸੇ ਵਿੱਚ ਮਰਨ ਵਾਲੇ ਕਾਮਿਆਂ ਦੀ ਗਿਣਤੀ 5 ਹੋ ਗਈ ਹੈ, ਜਿਨ੍ਹਾਂ ਵਿਚੋਂ 3 ਮ੍ਰਿਤਕਾਂ ਦੀ ਪਛਾਣ ਬੁਰੀ ਤਰ੍ਹਾਂ ਸੜਣ ਕਾਰਨ ਨਹੀਂ ਹੋ ਸਕੀ ਹੈ।
ਇਹ ਟੀਮਾਂ ਬੀਤੀ ਸ਼ਾਮ ਤੋਂ ਨਿਰੰਤਰ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਲੱਗੀ ਹੋਈਆਂ ਹਨ। ਦੱਸ ਦੇਈਏ ਕਿ ਆਧੁਨਿਕ ਉਦਯੋਗਿਕ ਖੇਤਰ ਬਹਾਦੁਰਗੜ੍ਹ ਵਿੱਚ ਸ਼ੁੱਕਰਵਾਰ ਦੁਪਹਿਰ ਨੂੰ ਰਸਾਇਣਕ ਫੈਕਟਰੀ ਵਿੱਚ ਬਾਇਲਰ ਫੱਟਣ ਤੋਂ ਬਾਅਦ ਨੇੜਲੀਆਂ ਚਾਰ ਫੈਕਟਰੀਆਂ ਦੀ ਇਮਾਰਤ ਪੂਰੀ ਤਰ੍ਹਾਂ ਤਬਾਹ ਹੋ ਗਈ ਸੀ ਅਤੇ 4 ਫੈਕਟਰੀਆਂ ਨੂੰ ਅੱਗ ਵੀ ਲੱਗ ਗਈ ਸੀ।
ਇਸ ਹਾਦਸੇ ਵਿੱਚ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ ਜਦਕਿ ਚੌਥੇ ਮਜ਼ਦੂਰ ਦੀ ਲਾਸ਼ ਦੇਰ ਰਾਤ ਮਲਬੇ ਹੇਠੋਂ ਬਾਹਰ ਕੱਢੀ ਗਈ। ਸ਼ੁਰੂਆਤ ਵਿੱਚ ਹਾਦਸੇ 'ਚ ਜ਼ਖਮੀਆਂ ਦੀ ਗਿਣਤੀ 27 ਦੱਸੀ ਜਾ ਰਹੀ ਸੀ ਜੋ ਕਿ ਵਧ ਕੇ 34 ਹੋ ਗਈ ਹੈ, ਜਿਨ੍ਹਾਂ ਵਿਚੋਂ ਕੁਝ ਜ਼ਖਮੀਆਂ ਨੂੰ ਗੰਭੀਰ ਹਾਲਤ ਦੇ ਮੱਦੇਨਜ਼ਰ ਪੀਜੀਆਈ ਰੋਹਤਕ ਰੈਫਰ ਕੀਤਾ ਗਿਆ ਹੈ।
ਇਸੇ ਦੌਰਾਨ ਰਾਜ ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ 2-2 ਲੱਖ ਦੀ ਅੰਤਰਿਮ ਰਾਹਤ ਦੇਣ ਦਾ ਐਲਾਨ ਕੀਤਾ ਹੈ ਅਤੇ ਕਿਹਾ ਹੈ ਕਿ ਸਾਰੇ ਜ਼ਖਮੀਆਂ ਦੇ ਇਲਾਜ ਦਾ ਖਰਚਾ ਵੀ ਸਰਕਾਰ ਚੁਕੇਗੀ।