ਚੰਡੀਗੜ੍ਹ: ਹਿੰਦੂਵਾਦੀ ਸੰਗਠਨ ‘ਬਜਰੰਗ ਦਲ’ ਤੇ ਫ਼ੇਸਬੁੱਕ ਨਾਲ ਇੱਕ ਤਾਜ਼ਾ ਵਿਵਾਦ ਜੁੜ ਗਿਆ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਇਸ ਬਾਰੇ ਚਿੱਠੀ ਲਿਖ ਰਹੇ ਹਨ ਤੇ ਬਿਆਨ ਦੇ ਰਹੇ ਹਨ। ਦਰਅਸਲ, ਅਮਰੀਕਾ ਦੇ ਅਖ਼ਬਾਰ ‘ਵਾਲ ਸਟ੍ਰੀਟ ਜਰਨਲ’ ਨੇ ਆਪਣੀ ਇੱਕ ਰਿਪੋਰਟ ’ਚ ਲਿਖਿਆ ਸੀ ਕਿ ਫ਼ੇਸਬੁੱਕ ਦੇ ਅੰਦਰੂਨੀ ਮੁੱਲੰਕਣ ’ਚ ਬਜਰੰਗ ਦਲ ਉੱਤੇ ਪਾਬੰਦੀ ਲਾਉਣ ਦੀ ਗੱਲ ਸਾਹਮਣੇ ਆਈ ਸੀ; ਪਰ ਫ਼ੇਸਬੁੱਕ ਨੇ ਆਪਣੇ ਵਿੱਤੀ ਮੁਨਾਫ਼ੇ ਤੇ ਆਪਣੇ ਕਰਮਚਾਰੀਆਂ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦਿਆਂ ਅਜਿਹਾ ਕੋਈ ਕਦਮ ਨਹੀਂ ਚੁੱਕਿਆ। ਅਮਰੀਕੀ ਅਖ਼ਬਾਰ ਨੇ ਬਜਰੰਗ ਦਲ ਦੀ ਵੀਡੀਓ ਨੂੰ ਲੈ ਕੇ ਆਖਿਆ ਸੀ ਕਿ ਫ਼ੇਸਬੁੱਕ ਦੀ ਸੇਫ਼ਟੀ ਟੀਮ ਨੇ ਮੰਨਿਆ ਸੀ ਕਿ ਬਜਰੰਗ ਦਲ ਸਮੁੱਚੇ ਭਾਰਤ ਵਿੱਚ ਘੱਟ-ਗਿਣਤੀਆਂ ਵਿਰੁੱਧ ਹਿੰਸਾ ਦਾ ਸਮਰਥਨ ਕਰਦਾ ਹੈ ਤੇ ਇੱਕ ਖ਼ਤਰਨਾਕ ਸੰਗਠਨ ਮੰਨਿਆ ਜਾ ਸਕਦਾ ਹੈ ਪਰ ਕੁਝ ਕਾਰਨਾਂ ਕਰਕੇ ਉਸ ਉੱਤੇ ਪਾਬੰਦੀ ਨਹੀਂ ਲਾਈ ਗਈ। ਸਮੀਖਿਆ ਅਧੀਨ ਵੀਡੀਓ ਜੂਨ ਮਹੀਨੇ ਦਾ ਨਵੀਂ ਦਿੱਲੀ ਤੋਂ ਹੈ। ਉਸ ਵਿੱਚ ਇੱਕ ਚਰਚ ਉੱਤੇ ਹਮਲੇ ਦੀ ਜ਼ਿੰਮੇਵਾਰੀ ਲੈਣ ਦਾ ਦਾਅਵਾ ਕੀਤਾ ਗਿਆ ਸੀ। ਇਹ ਵੀਡੀਓ 2.5 ਲੱਖ ਵਾਰ ਵੇਖੀ ਗਈ ਸੀ। ਰਿਪੋਰਟ ਅਨੁਸਾਰ ਹਮਲਾਵਰਾਂ ਨੇ ਪੋਸਟਰ ਚਿਪਕਾਉਂਦਿਆਂ ਦਾਅਵਾ ਕੀਤਾ ਸੀ ਕਿ ਚਰਚ ਦੀ ਸਥਾਪਨਾ ਹਿੰਦੂ ਮੰਦਰ ਦੀ ਥਾਂ ’ਤੇ ਹੋਈ ਹੈ ਤੇ ਉੱਥੇ ਹਮਲਾਵਰਾਂ ਨੇ ਮੂਰਤੀ ਦੀ ਸਥਾਪਨਾ ਕੀਤੀ ਸੀ। ਰਾਹੁਲ ਗਾਂਧੀ ਨੇ ਸੁਆਲ ਕੀਤਾ ਹੈ ਕਿ ਫ਼ੇਸਬੁੱਕ ਭਾਰਤ ’ਚ ਬਜਰੰਗ ਦਲ ਬਾਰੇ ਪੱਖਪਾਤੀ ਤਰੀਕੇ ਨਾਲਾ ਸੋਚ ਰਿਹਾ ਹੈ; ਜਿਸ ਕਾਰਨ ਉਸ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ ਪਰ ਫ਼ੇਸਬੁੱਕ ਇੰਡੀਆ ਦੇ ਮੁਖੀ ਅਜੀਤ ਮੋਹਨ ਨੇ ਕਿਹਾ ਹੈ ਕਿ ਬਜਰੰਗ ਦਲ ਵਿਰੁੱਧ ਅਜਿਹੀ ਕੋਈ ਸਮੱਗਰੀ ਨਹੀਂ ਮਿਲੀ ਕਿ ਉਸ ਉੱਤੇ ਪਾਬੰਦੀ ਲਾਈ ਜਾ ਸਕੇ।