ਚੰਡੀਗੜ੍ਹ: ਕੇਂਦਰੀ ਫੂਡ ਪ੍ਰਾਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ’ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਸ਼ਬਦਾ ਜੰਗ ਸ਼ੁਰੂ ਹੋ ਗਈ ਹੈ। ਦਰਅਸਲ ਹਰਸਿਮਰਤ ਬਾਦਲ ਨੇ ਸ਼ੁੱਕਰਵਾਰ ਸੰਸਦ ਵਿੱਚ ਪ੍ਰਧਾਨ ਮੰਤਰੀ ਮੋਦੀ ਖਿਲਾਫ ਬੇਵਸਾਹੀ ਮਤੇ ’ਤੇ ਹੋ ਰਹੀ ਬਹਿਸ ਦੌਰਾਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਕਿਹਾ ਸੀ ਕਿ ਉਹ ਸੰਸਦ ਵਿੱਚ ਆਉਣ ਤੋਂ ਪਹਿਲਾਂ ਕੀ (ਨਸ਼ਾ) ਖਾ ਕੇ ਆਏ ਸਨ।

ਉਨ੍ਹਾਂ ਦੀ ਇਸੇ ਗੱਲ ’ਤੇ ਬਾਜਵਾ ਨੇ ਉਨ੍ਹਾਂ ਨੂੰ ਕਰਾਰਾ ਜਵਾਬ ਦਿੱਤਾ। ਦੋਵਾਂ ਵਿਚਾਲੇ ਇਹ ਬਹਿਸ ਬਾਜਵਾ ਵੱਲੋਂ ਕੀਤੇ ਟਵੀਟ ਤੋਂ ਸ਼ੁਰੂ ਹੋਈ ਸੀ।

ਬਾਜਵਾ ਨੇ ਆਪਣੇ ਟਵੀਟ ਵਿੱਚ ਲਿਖਿਆ ਸੀ ਕਿ ਕੈਬਨਿਟ ਮੰਤਰੀ ਜਿਸ ਦੇ ਭਰਾ ’ਤੇ 6 ਹਜ਼ਾਰ ਕਰੋੜ ਦੇ ਨਸ਼ਾ ਘਪਲੇ ਦੇ ਮਾਮਲੇ ਦੀ ਜਾਂਚ ਚੱਲ ਰਹੀ ਹੈ, ਉਹ ਕਾਂਗਰਸ ਪ੍ਰਧਾਨ ’ਤੇ ਇਲਜ਼ਾਮ ਲਾ ਰਹੇ ਹਨ। ਪੰਜਾਬ ਵਿੱਚ ਕਿਸੇ ਨੂੰ ਵੀ ਨਸ਼ਿਆਂ ਦੇ ਵਪਾਰ ਬਾਰੇ ਪੁੱਛੋ, ਤੁਹਾਨੂੰ ਇਸ ਦਾ ਜਵਾਬ ਮਿਲ ਜਾਏਗਾ।

ਬਾਜਵਾ ਦੇ ਇਸ ਟਵੀਟ ਦਾ ਤੁਰੰਤ ਜਵਾਬ ਦਿੰਦਿਆਂ ਹਰਸਿਮਰਤ ਨੇ ਕਿਹਾ ਕਿ ਉਹ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੋਨੀਆ ਗਾਂਧੀ ਨੂੰ ਲਿਖੀ ਚਿੱਠੀ ਭੁੱਲ ਗਏ ਹਨ। ਉਸ ਵਿੱਚ ਉਨ੍ਹਾਂ ਬਾਜਵਾ ਤੇ ਉਨ੍ਹਾਂ ਦੇ ਪਰਿਵਾਰ ਦੀ ਨਸ਼ੇ ਦੇ ਵਪਾਰ ਵਿੱਚ ਸ਼ਮੂਲੀਅਤ ਬਾਰੇ ਜ਼ਿਕਰ ਕੀਤਾ ਹੈ।

ਬਾਜਵਾ ਇਹ ਵੀ ਭੁੱਲ ਗਏ ਹਨ ਕਿ ਉਨ੍ਹਾਂ ਵੱਲੋਂ ਹਾਈਕੋਰਟ ਵਿੱਚ ਹਰਸਿਮਰਤ ਦੇ ਭਰਾ ਖਿਲਾਫ ਦਰਜ ਪਟੀਸ਼ਨ ਨੂੰ ਵੀ 2016 ਵਿੱਚ ਖਾਰਜ ਕਰ ਦਿੱਤਾ ਗਿਆ ਸੀ।