ਨਵੀਂ ਦਿੱਲੀ: ਬੀਜੇਪੀ ਦੇ ਚਾਰ ਸੰਸਦ ਮੈਂਬਰਾਂ ਨੇ ਰਾਹੁਲ ਗਾਂਧੀ ਖਿਲਾਫ ਵਿਸ਼ੇਸ਼ ਅਧਿਕਾਰ ਦੀ ਉਲੰਘਣਾ ਦਾ ਨੋਟਿਸ ਦਿੱਤਾ ਹੈ। ਨੋਟਿਸ 'ਚ ਕਿਹਾ ਗਿਆ ਹੈ ਕਿ ਕਾਂਗਰਸ ਪ੍ਰਧਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਖਿਲਾਫ ਗਲਤ ਦੋਸ਼ ਲਾ ਕੇ ਸੰਸਦ ਨੂੰ ਗੁੰਮਰਾਹ ਕੀਤਾ।
ਜ਼ਿਕਰਯੋਗ ਹੈ ਕਿ ਬੀਜੇਪੀ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ, ਅਨੁਰਾਗ ਠਾਕੁਰ, ਦੁਸ਼ਯੰਤ ਸਿੰਘ ਤੇ ਪ੍ਰਹਲਾਦ ਜੋਸ਼ੀ ਨੇ ਲੋਕ ਸਭਾ ਪ੍ਰਧਾਨ ਨੂੰ ਇਸ ਸਬੰਧੀ ਨੋਟਿਸ ਦਿੱਤਾ ਹੈ।
ਸੰਸਦੀ ਕਾਰਜ ਮੰਤਰੀ ਅਨੰਤ ਕੁਮਾਰ ਨੇ ਕਿਹਾ ਕਿ ਸਦਨ ਦੇ ਨਿਯਮਾਂ ਮੁਤਾਬਕ ਕਿਸੇ ਵੀ ਮੈਂਬਰ ਖਿਲਾਫ ਦੋਸ਼ ਲਾਉਣ ਤੋਂ ਪਹਿਲਾਂ ਰਾਹੁਲ ਨੂੰ ਨੋਟਿਸ ਦੇਣਾ ਚਾਹੀਦਾ ਸੀ। ਕੁਮਾਰ ਨੇ ਦੱਸਿਆ ਕਿ ਬੇਭਰੋਸਗੀ ਮਤੇ 'ਤੇ ਚਰਚਾ ਦੌਰਾਨ ਲੋਕ ਸਭਾ 'ਚ ਭਾਸ਼ਣ ਜ਼ਰੀਏ ਸੰਸਦ ਨੂੰ ਗੁੰਮਰਾਹ ਕਰਨ ਤੇ ਗਲਤ ਬਿਆਨਬਾਜ਼ੀ ਲਈ ਰਾਹੁਲ ਖਿਲਾਫ ਵਿਸ਼ੇਸ਼ ਅਧਿਕਾਰ ਦੀ ਉਲੰਘਣਾ ਦਾ ਨੋਟਿਸ ਦਿੱਤਾ ਹੈ।
ਫਰਾਂਸ ਨੇ ਰਾਹੁਲ ਦੇ ਬਿਆਨ ਨੂੰ ਨਕਾਰਿਆ
ਰਾਹੁਲ ਦੇ ਬਿਆਨ ਤੋਂ ਬਾਅਦ ਫਰਾਂਸ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਰਾਹੁਲ ਦੀ ਫਰਾਂਸ ਦੇ ਰਾਸ਼ਟਰਪਤੀ ਨਾਲ ਰਾਫੇਲ ਡੀਲ ਮਾਮਲੇ 'ਤੇ ਕੋਈ ਗੱਲ ਨਹੀਂ ਹੋਈ। ਇਹ ਵੀ ਦੱਸਿਆ ਗਿਆ ਕਿ ਡੀਲ ਨਾਲ ਸਬੰਧਤ ਜਾਣਕਾਰੀ ਸਰਕਾਰ ਜਨਤਕ ਨਹੀਂ ਕਰ ਸਕਦੀ।
ਰਾਹੁਲ ਨੇ ਕੀ ਦਿੱਤਾ ਸੀ ਬਿਆਨ
ਦਰਅਸਲ ਰਾਹੁਲ ਗਾਂਧੀ ਨੇ ਦੋਸ਼ ਲਾਇਆ ਸੀ ਕਿ ਰੱਖਿਆ ਮੰਤਰੀ ਸੀਤਾਰਮਨ ਨੇ ਇਹ ਕਹਿ ਕੇ ਦੇਸ਼ ਨੂੰ ਗੁੰਮਰਾਹ ਕੀਤਾ ਕਿ ਫਰਾਂਸ ਨਾਲ ਹੋਏ ਰਾਫੇਲ ਸੌਦਾ ਮਾਮਲੇ 'ਚ ਭਾਰਤ ਗੁਪਤ ਸ਼ਰਤਾਂ ਨਾਲ ਬੰਨ੍ਹਿਆ ਹੋਇਆ ਹੈ। ਰਾਹੁਲ ਨੇ ਕਿਹਾ ਕਿ ਫਰਾਂਸ ਦੇ ਰਾਸ਼ਟਰਪਤੀ ਨੇ ਸਾਫ ਤੌਰ 'ਤੇ ਉਨ੍ਹਾਂ ਨੂੰ ਦੱਸਿਆ ਕਿ 58,000 ਕਰੋੜ ਰੁਪਏ ਦੇ ਰਾਫੇਲ ਸੌਦੇ ਦੀ ਜਾਣਕਾਰੀ ਸਾਂਝੀ ਕਰਨ 'ਚ ਕੋਈ ਸਮੱਸਿਆ ਨਹੀਂ ਹੈ।
ਬੇਭਰੋਸਗੀ ਮਤੇ 'ਤੇ ਚਰਚਾ ਦੌਰਾਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਰਾਫੇਲ ਡੀਲ 'ਚ ਜਹਾਜ਼ ਦੀ ਕੀਮਤ ਨੂੰ ਲੈ ਕੇ ਮੋਦੀ ਸਰਕਾਰ 'ਤੇ ਜੰਮ ਤੇ ਵਰ੍ਹੇ ਸਨ। ਰਾਹੁਲ ਨੇ ਸਦਨ 'ਚ ਦੋਸ਼ ਲਾਇਆ ਸੀ ਕਿ ਆਪਣੇ ਕਰੀਬੀ ਕਾਰੋਬਾਰੀ ਸਮੂਹ ਨੂੰ ਫਾਇਦਾ ਪਹੁੰਚਾਉਣ ਲਈ ਸਰਕਾਰ ਨੇ ਜ਼ਹਾਜ਼ ਦੀ ਕੀਮਤ ਵਧਾਈ ਸੀ।
ਇਸ ਦੇ ਨਾਲ ਹੀ ਰਾਹੁਲ ਨੇ ਸਰਕਾਰ 'ਤੇ ਝੂਠ ਬੋਲਣ ਦਾ ਦੋਸ਼ ਵੀ ਲਾਇਆ। ਰਾਹੁਲ ਨੇ ਕਿਹਾ ਸੀ ਕਿ ਮੇਰੀ ਖੁਦ ਫਰਾਂਸ ਦੇ ਰਾਸ਼ਟਰਪਤੀ ਨਾਲ ਗੱਲ ਹੋਈ ਉਨ੍ਹਾਂ ਦੱਸਿਆ ਕਿ ਭਾਰਤ ਤੇ ਫਰਾਂਸ ਵਿਚਾਲੇ ਅਜਿਹੀ ਕੋਈ ਡੀਲ ਨਹੀਂ ਜਿਸ ਦੇ ਚੱਲਦਿਆਂ ਰਾਫੇਲ ਜਹਾਜ਼ਾਂ ਦੀ ਕੀਮਤ ਜਨਤਕ ਨਹੀਂ ਕੀਤੀ ਜਾ ਸਕਦੀ।