ਚੰਡੀਗੜ੍ਹ: ਸੰਯੁਕਤ ਕਿਸਾਨ ਮੋਰਚਾ ਇਕਜੁੱਟ ਹੈ ਤੇ ਕਿਸੇ ਵੀ ਲੀਡਰ ਵਿਚਾਲੇ ਕੋਈ ਮੱਤਭੇਦ ਨਹੀਂ ਹੈ। ਇਹ ਦਾਅਵਾ ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਨੇ ਕੀਤਾ ਹੈ। ਉਨ੍ਹਾਂ ਨੇ ਆਖਿਆ ਹੈ ਕਿ ਉਹ ਸਾਰੇ ਇੱਕ ਹਨ ਤੇ ਉਨ੍ਹਾਂ ’ਚ ਨਾ ਕੋਈ ਮੱਤਭੇਦ ਹੈ ਤੇ ਨਾ ਹੀ ਇਹ ਉਪਜ ਸਕਦਾ ਹੈ।


ਰਾਜੇਵਾਲ ਨੇ ਕਿਹਾ ਕਿ ਸਾਰਿਆਂ ਦਾ ਇੱਕੋ-ਇੱਕ ਨਿਸ਼ਾਨਾ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣਾ ਹੈ। ਉਨ੍ਹਾਂ ਆਖਿਆ ਕਿ ਮੋਦੀ ਦੀਆਂ ਅੰਦੋਲਨ ਨੂੰ ਤਾਰਪੀਡੋ ਕਰਨ ਦੀਆਂ ਸਾਰੀਆਂ ਚਾਲਾਂ ਦਾ ਭੋਗ ਪੈ ਗਿਆ ਹੈ। ‘ਮੋਦੀ ਦੇ ਮੰਤਰੀਆਂ ਨਾਲ ਹੋਈਆਂ ਮੀਟਿੰਗਾਂ ਦੌਰਾਨ ਅਸੀਂ ਖੇਤੀ ਕਾਨੂੰਨਾਂ ਬਾਰੇ ਉਨ੍ਹਾਂ ਦੇ ਸਾਰੇ ਭਰਮ ਦੂਰ ਕਰ ਚੁੱਕੇ ਹਾਂ, ਹੁਣ ਤਾਂ ਉਨ੍ਹਾਂ ਕੋਲ ਕਾਨੂੰਨਾਂ ਨੂੰ ਰੱਦ ਕਰਨ ਦਾ ਹੀ ਰਾਹ ਬਚਦਾ ਹੈ।’


ਉਨ੍ਹਾਂ ਦਾਅਵਾ ਕੀਤਾ ਕਿ 26 ਜਨਵਰੀ ਤੋਂ ਬਾਅਦ ਕਿਸਾਨ ਅੰਦੋਲਨ ’ਚ ਆਈ ਖੜੋਤ ਮਗਰੋਂ ਹੁਣ ਇਸ ਅੰਦੋਲਨ ਨੇ ਮੁੜ ਸਿਖਰਾਂ ਨੂੰ ਛੂਹ ਲਿਆ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਪਾਏ ਗਏ ਮਤਿਆਂ ਨੇ ਵੱਡਾ ਕੰਮ ਕੀਤਾ ਹੈ। ‘ਹੁਣ ਹਰ ਪਿੰਡ ਤੋਂ ਕਿਸਾਨ ਤੇ ਮਜ਼ਦੂਰ ਟਰਾਲੀਆਂ ਰਾਹੀਂ ਵਾਰੀ ਬੰਨ੍ਹ ਕੇ ਦਿੱਲੀ ਬਾਰਡਰਾਂ ਤੇ ਪੁੱਜ ਰਹੇ ਹਨ ਜੋ ਜਿੱਤ ਦਾ ਸੰਕੇਤ ਹੈ।’


ਦੱਸ ਦਈਏ ਕਿ ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਸਰਕਾਰ ਨੂੰ 2 ਅਕਤੂਬਰ ਤਕ ਦਾ ਅਲਟੀਮੇਟਮ ਦਿੱਤਾ ਹੈ। ਇਸ ਬਾਰੇ ਮੀਡੀਆ ਵਿੱਚ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਦਾ ਬਿਆਨ ਆਇਆ ਹੈ ਕਿ ਇਹ ਅਜੀਬ ਗੱਲ ਹੈ ਕਿ ਅੰਦੋਲਨ 2 ਅਕਤੂਬਰ ਤਕ ਚੱਲੇਗਾ ਕਿਉਂਕਿ ਅੰਦੋਲਨ ਉਦੋਂ ਤਕ ਚੱਲੇਗਾ ਜਦੋਂ ਤਕ ਖੇਤੀ ਕਾਨੂੰਨ ਰੱਦ ਨਹੀਂ ਹੋ ਜਾਂਦੇ।