ਚੰਡੀਗੜ੍ਹ: ਜਨਤਕ ਬੈਂਕਾਂ ਦੇ ਕੁਝ ਮੁਲਾਜ਼ਮ 8 ਤੇ 9 ਜਨਵਰੀ ਨੂੰ ਕੌਮੀ ਹੜਤਾਲ ਕਰਨਗੇ। ਇਹ ਫੈਸਲਾ ਸਰਕਾਰ ਦੀਆਂ ਕਥਿਤ ਮੁਲਾਜ਼ਮ ਵਿਰੋਧੀ ਨੀਤੀਆਂ ਦੇ ਵਿਰੋਧ ਲਿਆ ਗਿਆ ਹੈ। ਆਈਡੀਬੀਆਈ ਬੈਂਕ ਨੇ ਬੰਬਈ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਆਲ ਇੰਡੀਆ ਬੈਂਕ ਐਂਪਲਾਈਜ਼ ਐਸੋਸੀਏਸ਼ਨ (ਏਆਈਬੀਈਏ) ਅਤੇ ਬੈਂਕ ਐਂਪਲਾਈਜ਼ ਫੈਡਰੇਸ਼ਨ ਆਫ ਇੰਡੀਆ (ਬੀਈਐਫਆਈ) ਨੇ ਅੱਠ ਅਤੇ ਨੌਂ ਜਨਵਰੀ ਨੂੰ ਕੌਮੀ ਹੜਤਾਲ ਕਰਨੀ ਹੈ। ਇਸ ਬਾਰੇ ਭਾਰਤੀ ਬੈਂਕ ਐਸੋਸੀਏਸ਼ਨ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।
ਬੈਂਕ ਆਫ਼ ਬੜੋਦਾ ਨੇ ਬੰਬਈ ਸ਼ੇਅਰ ਬਾਜ਼ਾਰ ਨੂੰ ਵੱਖਰੇ ਤੌਰ ’ਤੇ ਹੜਤਾਲ ਸਬੰਧੀ ਸੂਚਿਤ ਕੀਤਾ ਹੈ। ਇਸ ਦੇ ਤਹਿਤ ਏਆਈਬੀਈਏ ਤੇ ਬੀਈਆਫਆਈ ਦੀ ਹੜਤਾਲ ਕਰਕੇ ਕੁਝ ਖੇਤਰਾਂ ਵਿੱਚ ਬੈਂਕ ਸ਼ਾਖਾਵਾਂ ਤੇ ਦਫ਼ਤਰਾਂ ਵਿੱਚ ਕੰਮਕਾਜ ’ਤੇ ਅਸਰ ਪੈ ਸਕਦਾ ਹੈ। ਲਗਪਗ 10 ਕੇਂਦਰੀ ਵਰਕਰ ਸੰਗਠਨ ਇੰਟੈਕ, ਏਟਕ, ਐਚਐਮਐਸ, ਸੀਟੂ, ਏਆਈਯੂਟੀਯੂਸੀ, ਏਆਈਸੀਸੀਟੀਯੂ, ਯੂਟੀਯੂਸੀ, ਟੀਯੂਸੀਸੀ, ਐਲਪੀਐਫ ਅਤੇ ਸੇਵਾ ਨੇ ਵੀ 8 ਅਤੇ 9 ਜਨਵਰੀ ਨੂੰ ਆਮ ਨੈਸ਼ਨਲ ਹੜਤਾਲ ਬੁਲਾਈ ਹੈ।
ਭਾਰਤੀ ਮਜ਼ਦੂਰ ਸੰਘ (ਬੀਐਮਐਸ) ਨਾਲ ਸਬੰਧਤ ਬੈਂਕਿੰਗ ਯੂਨੀਅਨ ਨੈਸ਼ਨਲ ਆਰਗੇਨਾਈਜੇਸ਼ਨ ਆਫ ਬੈਂਕ ਵਰਕਰਸ (ਐਨਓਬੀਡਬਲਿਊ) ਦੇ ਮੀਤ ਪ੍ਰਧਾਨ ਅਸ਼ਵਿਨ ਰਾਣਾ ਨੇ ਕਿਹਾ ਕਿ ਬੀਐਮਐਸ ਇਸ ਹੜਤਾਲ ਵਿੱਚ ਸ਼ਾਮਲ ਨਹੀਂ ਹੈ ਕਿਉਂਕਿ ਇਹ ਸਿਆਸੀ ਹੜਤਾਲ ਹੈ। ਇਸ ਲਈ ਐਨਓਬੀਡਬਲਿਊ ਨਾਲ ਸਬੰਧਤ ਹੋਰ ਯੂਨੀਅਨਾਂ ਇਸ ਹੜਤਾਲ ਵਿੱਚ ਸ਼ਾਮਲ ਨਹੀਂ ਹੋਣਗੀਆਂ।