ਸ਼ਿਮਲਾ: ਹਿਮਾਚਲ ਦੇ ਸਿਰਮੌਰ ਜ਼ਿਲ੍ਹੇ ਦੇ ਸੰਗੜਾਹ ਵਿੱਚ ਹਾਦਸਾਗ੍ਰਸਤ ਹੋਈ ਸਕੂਲ ਬੱਸ ਵਿੱਚ ਮ੍ਰਿਤਕਾਂ ਦੀ ਗਿਣਤੀ ਵੱਧ ਕੇ ਅੱਠ ਹੋ ਗਈ ਹੈ। ਹਾਦਸੇ ਵਿੱਚ ਬੱਸ ਦੇ ਡ੍ਰਾਈਵਰ ਤੇ ਸੱਤ ਬੱਚਿਆਂ ਸਮੇਤ ਮੌਤਾਂ ਦੀ ਗਿਣਤੀ ਅੱਠ ਹੋ ਗਈ ਹੈ। ਵੈਨ ਬਾਕੀ 9 ਹੋਰ ਬੱਚੇ ਜ਼ਖ਼ਮੀ ਹਨ। ਹਾਦਸਾ ਸ਼ਨੀਵਾਰ ਸਵੇਰੇ 7 ਵਜੇ ਦੇ ਕਰੀਬ ਵਾਪਰਿਆ, ਜਦ ਸਕੂਲ ਬੱਸ ਬੇਕਾਬੂ ਹੋ ਕੇ ਖੱਡ ’ਚ ਡਿੱਗ ਗਈ।

ਜਾਣਕਾਰੀ ਮੁਤਾਬਕ ਦਦਾਹੂ-ਸੰਗੜਾਹ ਸੜਕ ’ਤੇ ਖੜਕੋਲੀ ਦੇ ਨੇੜੇ ਬੱਚਿਆਂ ਨੂੰ ਸਕੂਲ ਲੈ ਕੇ ਆ ਰਹੀ ਬੱਸ ਅਚਾਨਕ ਬੇਕਾਬੂ ਹੋ ਕੇ ਖੱਡ ਵਿੱਚ ਡਿੱਗ ਗਈ। ਬੱਸ ਵਿੱਚ ਕੁੱਲ 16 ਬੱਚੇ ਸਵਾਰ ਸਨ। ਘਟਨਾ ਵਿੱਚ ਸਕੂਲ ਬੱਸ ਬੁਰੀ ਤਰ੍ਹਾਂ ਨੁਕਸਾਨੀ ਗਈ। ਜ਼ਿਆਦਾਤਰ ਬੱਚਿਆਂ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ ਸੀ। ਚਾਰ ਸਾਲਾ ਦੀ ਆਰੂਸ਼ੀ ਨੇ ਪੀਜੀਆਈ ਵਿੱਚ ਦਮ ਤੋੜ ਦਿੱਤਾ।

ਸਿਰਮੌਰ ਦੇ ਪੁਲਿਸ ਅਧਿਕਾਰੀ ਰੋਹਿਤ ਮਾਲਪਾਨੀ ਨੇ ਸੱਤ ਬੱਚਿਆਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਕੁਝ ਬੱਚਿਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਨ੍ਹਾਂ ਨੂੰ ਨਾਹਨ ਰੈਫਰ ਕਰ ਦਿੱਤਾ ਗਿਆ ਹੈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਤੇ ਪ੍ਰਸ਼ਾਸਨ ਦੀਆਂ ਟੀਮਾਂ ਨੇ ਮੌਕੇ ’ਤੇ ਪਹੁੰਚ ਕੇ ਬਚਾਅ ਕਾਰਜ ਆਰੰਭੇ ਤੇ ਜ਼ਖ਼ਮੀ ਬੱਚਿਆਂ ਨੂੰ ਖੱਡ ਵਿੱਚੋਂ ਬਾਹਰ ਕੱਢਿਆ। ਪੁਲਿਸ ਦੁਰਘਟਨਾ ਦੇ ਕਾਰਨਾਂ ਦਾ ਪਤਾ ਲਾ ਰਹੀ ਹੈ।