ਚੰਡੀਗੜ੍ਹ: 6 ਦਿਨ ਲਗਾਤਾਰ ਬੈਂਕ ਬੰਦ ਰਹਿਣ ਦੀਆਂ ਅਫ਼ਵਾਹਾਂ ਨੂੰ ਖਾਰਜ ਕਰਦਿਆਂ ਸਰਕਾਰ ਨੇ ਕਿਹਾ ਹੈ ਕਿ ਅਗਲੇ ਹਫ਼ਤੇ ਸਾਰੀਆਂ ਬੈਂਕ ਬਰਾਂਚਾਂ ਖੁੱਲ੍ਹੀਆਂ ਰਹਿਣਗੀਆਂ। ਵਿੱਤ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਸੋਸ਼ਲ ਮੀਡੀਆ ’ਤੇ ਸਤੰਬਰ 2018 ਦੇ ਪਹਿਲੇ ਹਫ਼ਤੇ ਬੈਂਕ ਬੰਦ ਰਹਿਣ ਦੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਜਿਸ ਨਾਲ ਲੋਕਾਂ ਵਿੱਚ ਘਬਰਾਹਟ ਫੈਲ  ਰਹੀ ਹੈ।


ਮੰਤਰਾਲੇ ਨੇ ਸਪਸ਼ਟ ਕੀਤਾ ਹੈ ਕਿ ਸਾਰੇ ਬੈਂਕ ਖੁੱਲ੍ਹੇ ਰਹਿਣਗੇ ਤੇ ਸਤੰਬਰ ਦੇ ਪਹਿਲੇ ਹਫ਼ਤੇ ਬੈਂਕ ਦੀਆਂ ਸਾਰੀਆਂ ਗਤੀਵਿਧੀਆਂ ਚਾਲੂ ਰਹਿਣਗੀਆਂ।  ਬੈਂਕ ਸਿਰਫ ਐਤਵਾਰ (2 ਸਤੰਬਰ) ਤੇ ਦੂਜਾ ਸ਼ਨੀਵਾਰ (8 ਸਤੰਬਰ) ਨੂੰ ਹੀ ਬੰਦ ਰਹਿਣਗੇ। ਸੋਮਵਾਰ ਨੂੰ ਕੌਮੀ ਛੁੱਟੀ ਨਹੀਂ ਹੈ, ਇਸ ਲਈ ਕੁਝ ਸੂਬਿਆਂ ਦੇ ਬੈਂਕਾਂ ਨੂੰ ਹੀ ਛੁੱਟੀ ਹੋਏਗੀ।

ਮੰਤਰਾਲੇ ਨੇ ਸਾਫ ਕੀਤਾ ਕਿ ਸਾਰੇ ਰਾਜਾਂ ਵਿੱਚ ATM ਪੂਰਾ ਤਰ੍ਹਾਂ ਚਾਲੂ ਰਹਿਣਗੇ ਤੇ ਆਨਲਾਈਨ ਬੈਂਕਿੰਗ ਦੇ ਲੈਣ-ਦੇਣ ਵਿੱਚ ਵੀ ਕੋਈ ਅਸਰ ਨਹੀਂ ਪਏਗਾ। ਇਸ ਲਈ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ।