ਨਵੀਂ ਦਿੱਲੀ: ਪੂਰਬੀ ਦਿੱਲੀ ਨਗਰ ਨਿਗਮ ਦੀ ਕਮੇਟੀ ਨੇ ਪ੍ਰਸਤਾਵ ਰੱਖਿਆ ਹੈ ਕਿ ਮਾਸ ਪਰੋਸਣ ਜਾਂ ਵੇਚਣ ਵਾਲੇ ਸਾਰੇ ਰੈਸਟੋਰੈਂਟ ਤੇ ਮਾਸ ਵਿਕਰੇਤਾਵਾਂ ਲਈ ਬੋਰਡ 'ਤੇ ਇਹ ਪ੍ਰਦਰਸ਼ਿਤ ਕਰਨਾ ਜ਼ਰੂਰੀ ਹੋਵੇਗਾ ਕਿ ਗੋਸ਼ਤ ਹਲਾਲ ਹੈ ਜਾਂ ਝਟਕਾ। ਬੀਜੇਪੀ ਦੀ ਅਗਵਾਈ ਵਾਲੇ ਦਿੱਲੀ ਨਗਰ ਨਿਗਮ ਦੀ ਸਥਾਈ ਬੈਠਕ 'ਚ ਕੱਲ੍ਹ ਇਸ ਸਬੰਧੀ ਪ੍ਰਸਤਾਵ ਪਾਸ ਕੀਤਾ ਗਿਆ।


ਇਹ ਪ੍ਰਸਤਾਵ ਕਈ ਤਰਕਾਂ 'ਤੇ ਅਧਾਰਤ ਹੈ। ਪੂਰਬੀ ਦਿੱਲੀ 'ਚ ਹਿੰਦੂ ਤੇ ਸਿੱਖ ਭਾਈਚਾਰੇ ਦੇ ਬਹੁਤ ਸਾਰੇ ਲੋਕ ਰਹਿੰਦੇ ਹਨ। ਮਾਸ ਦੀ ਵਿਕਰੀ ਕਰਨ ਵਾਲੇ ਇਸ ਇਲਾਕੇ 'ਚ ਬਹੁਤ ਸਾਰੇ ਰੈਸਟੋਰੈਂਟ ਹਨ। ਪ੍ਰਸਤਾਵ 'ਚ ਦਿੱਲੀ ਨਗਰ ਨਿਗਮ ਨੇ ਦਾਅਵਾ ਕੀਤਾ ਕਿ ਹਲਾਲ ਦਾ ਗੌਸ਼ਤ ਖਾਣ ਦੀ ਇਜਾਜ਼ਤ ਹਿੰਦੂ ਤੇ ਸਿੱਖ ਭਾਈਚਾਰੇ 'ਚ ਨਹੀਂ।


ਪ੍ਰਸਤਾਵ 'ਚ ਕਿਹਾ ਗਿਆ ਕਿ ਸਥਾਈ ਸਮਿਤੀ ਇਹ ਸਪਸ਼ਟ ਕਰਨਾ ਚਾਹੁੰਦੀ ਹੈ ਕਿ ਗੋਸ਼ਤ ਦੀ ਵਿਕਰੀ ਕਰਨ ਜਾਂ ਪਰੋਸਣ ਵਾਲੇ ਰੈਸਟੋਰੈਂਟ ਤੇ ਮਾਸ ਵਿਕਰੇਤਾਵਾਂ ਨੂੰ ਆਪਣੇ ਬੋਰਡ 'ਚ ਇਹ ਪ੍ਰਦਰਸ਼ਿਤ ਕਰਨਾ ਜ਼ਰੂਰੀ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਵੱਲੋਂ ਵੇਚਿਆ ਜਾ ਰਿਹਾ ਮਾਸ ਹਲਾਲ ਹੈ ਜਾਂ ਝਟਕਾ।