Raid at BBC office: ਬੀਬੀਸੀ (ਬ੍ਰਿਟਿਸ਼ ਬ੍ਰੌਡਕਾਸਟਿੰਗ ਕਾਰਪੋਰੇਸ਼ਨ) ਇੰਡੀਆ ਵਿਰੁੱਧ ਆਮਦਨ ਕਰ ਵਿਭਾਗ ਨੇ ਅੱਜ ਦੂਜੇ ਦਿਨ ਵੀ ਛਾਪੇ ਜਾਰੀ ਰੱਖੇ। ਆਮਦਨ ਕਰ ਵਿਭਾਗ ਨੇ ਕਥਿਤ ਟੈਕਸ ਚੋਰੀ ਦੀ ਜਾਂਚ ਵਜੋਂ ਮੰਗਲਵਾਰ ਨੂੰ ਦਿੱਲੀ ਤੇ ਮੁੰਬਈ ਸਥਿਤ ਬੀਬੀਸੀ ਦਫ਼ਤਰਾਂ ਅਤੇ ਦੋ ਹੋਰ ਸਬੰਧਤ ਸਥਾਨਾਂ 'ਤੇ ਛਾਪੇ ਮਾਰੇ ਸਨ।
ਇਨ੍ਹਾਂ ਛਾਪਿਆਂ ਦੀ ਦੇਸ਼ ਭਰ ਵਿੱਚ ਵੱਖ ਵੱਖ ਸੰਗਠਨਾਂ ਤੇ ਸਿਆਸੀ ਪਾਰਟੀਆਂ ਨੇ ਨਿੰਦਾ ਕੀਤੀ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਬੀਬੀਸੀ ਨੇ ਪ੍ਰਧਾਨ ਮੰਤਰੀ ਬਾਰੇ ਦਸਤਾਵੇਜ਼ੀ ਫਿਲਮ ਬਣਾਈ ਹੈ ਤੇ ਇਸ ਕਾਰਨ ਸਰਕਾਰ ਬਦਲਾਖੋਰੀ ਦੀ ਕਾਰਵਾਈ ਕਰ ਰਹੀ ਹੈ।
ਉਧਰ, ਦਿੱਲੀ ਤੇ ਮੁੰਬਈ ਵਿਚਲੇ ਆਪਣੇ ਦਫ਼ਤਰਾਂ ’ਤੇ ਮਾਰੇ ਗਏ ਛਾਪਿਆਂ ਦੇ ਹਵਾਲੇ ਨਾਲ ਬੀਬੀਸੀ ਨੇ ਕਿਹਾ ਹੈ ਕਿ ਉਸ ਵੱਲੋਂ ਆਮਦਨ ਕਰ ਅਥਾਰਿਟੀਜ਼ ਨੂੰ ‘ਪੂਰਾ ਸਹਿਯੋਗ’ ਦਿੱਤਾ ਜਾ ਰਿਹਾ ਹੈ। ਬਰਤਾਨਵੀ ਬਰਾਡਕਾਸਟਰ ਨੇ ਆਸ ਜਤਾਈ ਕਿ ਸਭ ਕੁਝ ਜਲਦੀ ਠੀਕ ਹੋ ਜਾਵੇਗਾ। ਯੂਕੇ ਅਧਾਰਤ ਬ੍ਰਿਟਿਸ਼ ਬਰਾਡਕਾਸਟਿੰਗ ਕਾਰਪੋਰੇਸ਼ਨ ਨੇ ਆਈਟੀ ਵਿਭਾਗ ਦੇ ਛਾਪਿਆਂ ਬਾਰੇ ਬਹੁਤੀ ਤਫ਼ਸੀਲ ਨਹੀਂ ਦਿੱਤੀ।
ਇਹ ਵੀ ਪੜ੍ਹੋ: Punjab News: ਵਿਜੀਲੈਂਸ ਕਰ ਰਹੀ ਸਾਬਕਾ ਮੰਤਰੀ ਸ਼ਾਮ ਸੁੰਦਰ ਅਰੋੜਾ ਦੀ ਨਵੀਂ ਰਿਹਾਇਸ਼ ਦੀ ਪੈਮਾਇਸ਼, ਫੀਤੇ ਨਾਲ ਮਾਪ ਰਹੀ ਕੋਠੀ
ਬਰਤਾਨੀਆ ਦੀ ਸੂਨਕ ਸਰਕਾਰ ਵਿਚਲੇ ਸੂਤਰਾਂ ਨੇ ਕਿਹਾ ਕਿ ਭਾਰਤ ਵਿੱਚ ਬੀਬੀਸੀ ਦਫ਼ਤਰਾਂ ’ਤੇ ਛਾਪਿਆਂ ਮਗਰੋਂ ਯੂਕੇ ਹਾਲਾਤ ’ਤੇ ‘ਨੇੜਿਓ ਨਜ਼ਰ’ ਰੱਖ ਰਿਹਾ ਹੈ। ਛਾਪਿਆਂ ਦੌਰਾਨ ਬੀਬੀਸੀ ਦੇ ਸਥਾਨਕ ਸਟਾਫ਼ ਨੂੰ ਦਫ਼ਤਰ ਵਿੱਚ ਦਾਖ਼ਲ ਹੋਣ ਤੋਂ ਰੋਕਿਆ ਗਿਆ ਤੇ ਉਨ੍ਹਾਂ ਦੇ ਮੋਬਾਈਲ ਫੋਨ ਬੰਦ ਕਰਵਾ ਦਿੱਤੇ ਗਏ। ਬੀਬੀਸੀ ਇੰਡੀਆ ਦੇ ਦਫ਼ਤਰਾਂ ’ਤੇ ਛਾਪਿਆਂ ਦੀ ਖ਼ਬਰ ਨਾਲ ਯੂਕੇ ਸਦਮੇ ਵਿੱਚ ਹੈ।
ਉੱਘੀ ਲੇਖਕ ਤੇ ਲੰਡਨ ਸਕੂਲ ਆਫ਼ ਇਕਨੌਮਿਕਸ ’ਚ ਅਕਾਦਮਿਸ਼ਨ ਡਾ. ਮੁਕੁਲਿਕਾ ਬੈਨਰਜੀ ਨੇ ਕਿਹਾ, ‘‘ਹਰ ਕੋਈ ਸਦਮੇ ਵਿੱਚ ਹੈ ਤੇ ਕੋਈ ਵੀ ਇੰਨਾ ਮੂਰਖ ਨਹੀਂ ਕਿ ਉਸ ਨੂੰ ਇਹ ਸਮਝ ਨਾ ਲੱਗੇ ਕਿ ਅੱਜ ਦੇ ਟੈਕਸ ਸਰਵੇ, ਜਿਵੇਂ ਕਿ ਇਸ ਨੂੰ ਨਾਮ ਦਿੱਤਾ ਗਿਆ ਹੈ, ਹਾਲੀਆ ਬੀਬੀਸੀ ਦਸਤਾਵੇਜ਼ੀ ਦਾ ਮੋੜਵਾਂ ਜਵਾਬ ਹੈ।’’
ਬੈਨਰਜੀ ਨੇ ਕਿਹਾ, ‘‘ਬੀਬੀਸੀ ਸੁਤੰਤਰ ਸਰਕਾਰੀ ਬਰਾਡਕਾਸਟਰ ਹੈ, ਤੇ ਜੇਕਰ ਇਸ ਨੇ ਕੋਈ ਦਸਤਾਵੇਜ਼ੀ ਪ੍ਰਸਾਰਿਤ ਕੀਤੀ ਹੈ, ਤਾਂ ਇਸ ਦਾ ਇਹ ਮਤਲਬ ਨਹੀਂ ਕਿ ਉਹ ਬ੍ਰਿਟਿਸ਼ ਸਰਕਾਰ ਦੇ ਇਸ਼ਾਰੇ ’ਤੇ ਅਜਿਹਾ ਕਰ ਰਹੀ ਹੈ। ਅਸਲ ਵਿੱਚ ਬੀਬੀਸੀ ਪੱਤਰਕਾਰ ਤਾਂ ਬਰਤਾਨਵੀ ਪ੍ਰਧਾਨ ਮੰਤਰੀ ਤੇ ਚੁਣੇ ਹੋਏ ਸਾਰੇ ਨੁਮਾਇੰਦਿਆਂ ਨੂੰ ਅਕਸਰ ਘੇਰਦੇ ਰਹਿੰਦੇ ਹਨ। ‘ਸੁਤੰਤਰ’ ਸ਼ਬਦ ਦਾ ਬੱਸ ਇਹੀ ਮਤਲਬ ਹੈ।’’
ਇਹ ਵੀ ਪੜ੍ਹੋ: ਪੰਜਾਬ ਸਰਕਾਰ ਦਾ ਇੱਕ ਹੋਰ ਵੱਡਾ ਫ਼ੈਸਲਾ, ਸੀਐਮ ਭਗਵੰਤ ਮਾਨ ਨੇ ਬੰਦ ਕੀਤੇ ਪੰਜਾਬ ਦੇ 3 ਹੋਰ ਟੋਲ ਪਲਾਜ਼ੇ