ਨਵੀਂ ਦਿੱਲੀ: ਬੀਸੀਸੀਆਈ ਨੇ ਆਪਣੀ ਸੈਂਟਰਲ ਕਾਂਟ੍ਰੈਕਟ ਲਿਸਟ ਜਾਰੀ ਕੀਤੀ ਹੈ। ਇਸ ‘ਚ ਖ਼ਰਾਬ ਪ੍ਰਦਰਸ਼ਨ ਕਰ ਰਹੇ ਸ਼ਿਖਰ ਧਵਨ ਤੇ ਭੁਵਨੇਸ਼ਵਰ ਕੁਮਾਰ ਨੂੰ ਸਭ ਤੋਂ ਉੱਚੇ ਗ੍ਰੇਡ-ਏ ਪੱਲਸ ਦੀ ਲਿਸਟ ਤੋਂ ਬਾਹਰ ਕਰ ਦਿੱਤਾ ਹੈ। ਜਦੋਂਕਿ ਇੰਗਲੈਂਡ ਤੇ ਆਸਟ੍ਰੇਲੀਆ ਖਿਲਾਫ ਚੰਗਾ ਪ੍ਰਦਰਸ਼ਨ ਕਰ ਰਹੇ ਰਿਸ਼ਭ ਪੰਤ ਨੂੰ ਸਿੱਧਾ ਗ੍ਰੇਡ-ਏ ‘ਚ ਐਂਟਰੀ ਮਿਲ ਗਈ ਹੈ।
ਪਿਛਲੇ ਸਾਲ ਦੇ 26 ਖਿਡਾਰੀਆਂ ਦੇ ਮੁਕਾਬਲੇ ਇਸ ਵਾਰ ਬੀਸੀਸੀਆਈ ਨੇ 25 ਖਿਡਾਰੀਆਂ ਨੂੰ ਕਾਂਟ੍ਰੈਕਟ ਕੀਤਾ ਹੈ। ਕਰਾਰ ਤਹਿਤ ਗ੍ਰੈਡ-ਏ ਪੱਲਸ ਦੇ ਖਿਡਾਰੀਆਂ ਨੂੰ ਸਾਲਾਨਾ ਸੱਤ ਕਰੋੜ ਰੁਪਏ ਤੇ ਗ੍ਰੇਡ-ਏ ਦੇ ਖਿਡਾਰੀਆਂ ਨੂੰ ਪੰਜ ਕਰੋੜ ਰੁਪਏ ਤੇ ਗ੍ਰੇਡ-ਬੀ ਦੇ ਖਿਡਾਰੀਆਂ ਨੂੰ ਤਿੰਨ ਕਰੋੜ ਰੁਪਏ ਦਿੱਤੇ ਜਾਂਦੇ ਹਨ।
ਧਵਨ ਤੇ ਭੁਵਨੇਸ਼ਵਰ ਨੂੰ ਬਾਹਰ ਕੀਤੇ ਜਾਣ ਤੋਂ ਬਾਅਦ ਗ੍ਰੇਡ-ਏ ‘ਚ ਸਿਰਫ ਕਪਤਾਨ ਵਿਰਾਟ ਕੋਹਲੀ, ਰੋਹਿਤ ਸ਼ਰਮਾ ਤੇ ਜਸਪ੍ਰੀਤ ਬੁਮਰਾਹ ਹਨ। ਸਭ ਤੋਂ ਜ਼ਿਆਦਾ 11 ਖਿਡਾਰੀ ਗ੍ਰੇਡ-ਏ ‘ਚ ਰੱਖੇ ਗਏ ਹਨ। ਇਸ ‘ਚ ਵਿਕਟਕੀਪਰ ਮਹੇਂਦਰ ਸਿੰਘ ਧੋਨੀ, ਚੇਤੇਸ਼ਵਰ ਪੁਜਾਰਾ ਤੇ ਅਜਿੰਕਿਆ ਰਹਾਣੇ ਮੌਜੂਦ ਹਨ।
ਨੌਜਵਾਨ ਖਿਡਾਰੀਆਂ ਵਿੱਚੋਂ ਰਿਸ਼ਭ ਤੋਂ ਇਲਾਵਾ ਲੈੱਗ ਸਪਿਨਰ ਕੁਲਦਿਪ ਯਾਦਵ ਨੂੰ ਗ੍ਰੇਡ-ਏ ‘ਚ ਸ਼ਾਮਲ ਕੀਤਾ ਗਿਆ ਹੈ ਜੋ ਉਨ੍ਹਾਂ ਲਈ ਪ੍ਰਮੋਸ਼ਨ ਹੈ ਕਿਉਂਕਿ ਪਿਛਲੇ ਸਾਲ ਉਹ ਗ੍ਰੇਡ-ਬੀ ‘ਚ ਸ਼ਾਮਲ ਸੀ।