ਨਵੀਂ ਦਿੱਲੀ: ਜਿਸ ਸ਼ਾਇਰ ਨੇ ਜ਼ਿੰਦਗੀ ਦੇ ਹਰ ਪਹਿਲੂ ਹਰ ਸਮੇਂ ਹਰ ਮਾਹੌਲ ‘ਚ ਸਿਰਫ ਅਤੇ ਸਿਰਫ ਪਿਆਰ ਭਰੇ ਲਫਜ਼ ਲਿਖੇ ਉਹ ਕੋਈ ਹੋਰ ਨਹੀਂ ਸਗੋਂ ਸਾਹਿਰ ਲੁਧਿਆਣਵੀ ਹੈ। ਸਾਹਿਰ ਅਤੇ ਗ਼ਮਾਂ ਦਾ ਸਾਥ ਜ਼ਿੰਦਗੀ ‘ਚ ਅਜਿਹਾ ਰਿਹਾ ਜਿਵੇਂ ਜ਼ਿੰਦਗੀ ਅਤੇ ਸਾਹਾਂ ਦਾ ਸਾਥ। ਸਾਹਿਰ ਨੇ ਆਪਣੇ ਹਲਾਤਾਂ ‘ਤੇ ਲਿਖਿਆ:-
“ਕਭੀ ਖ਼ੁਦ ਪੇ ਕਭੀ ਹਾਲਾਤ ਪੇ ਰੋਨਾ ਆਇਆ
ਬਾਤ ਨਿਕਲੀ ਤੋਂ ਹਰ ਇੱਕ ਬਾਰ ਪੇ ਰੋਨਾ ਆਇਆ”
ਕਿਸੇ ਨੇ ਬੇਹੱਦ ਖ਼ੂਬਸੂਰਤ ਗੱਲ ਕਹੀ ਹੈ ਕਿ ਇੱਕ ਆਦਮੀ ਦੇ ਬਣਨ ‘ਚ ਇੱਕ ਔਰਤ ਦਾ ਹੱਥ ਹੁੰਦਾ ਹੈ। ਅੱਜ ਅੰਤਰਾਸ਼ਟਰੀ ਮਹਿਲਾ ਦਿਵਸ ਹੈ ਅਤੇ ਉਸ ਇਨਸਾਨ ਦਾ ਜਨਮ ਦਿਨ ਵੀ ਜਿਸ ਦੇ ਬਣਨ ਦੀ ਕਹਾਣੀ ਵੀ ਦੋ ਹੀ ਔਰਤਾਂ ਦੇ ਆਲੇ-ਦੁਆਲੇ ਘੁੰਮਦੀ ਹੈ। ਜੀ ਹਾਂ, ਅੱਜ ਮਸ਼ਹੂਰ ਸ਼ਾਹਿਰ ਅਤੇ ਗੀਤਕਾਰ ਸਾਹੀਰ ਲੁਧਿਆਣਵੀ ਦਾ ਜਨਮ ਦਿਨ ਹੈ।
ਸਾਹਿਰ ਦਾ ਜਨਮ 8 ਮਾਰਚ 1921 ‘ਚ ਪੰਜਾਬ ਦੇ ਲੁਧਿਆਣਾ ‘ਚ ਇੱਕ ਜ਼ਿੰਮੀਂਦਾਰ ਪਰਿਵਾਰ ‘ਚ ਹੋਇਆ। ਉਨ੍ਹਾਂ ਦੇ ਪਰਿਵਾਰ ਦਾ ਮਾਹੌਲ ਕੁਝ ਠੀਕ ਨਹੀਂ ਰਿਹਾ ਅਤੇ ਉਨ੍ਹਾਂ ਦਾ ਬਚਪਨ ਲੜਾਈ ਝਗੜੇ ਦੇਖਦੇ ਹੀ ਲੰਘ ਗਿਆ। ਇੱਕ ਸਮਾਂ ਆਇਆ ਜਦੋਂ ਉਨ੍ਹਾਂ ਦੇ ਪਿਓ ਨੇ ਦੂਜਾ ਵਿਆਹ ਕਰ ਲਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਦੀ ਮਾਂ ਉਨ੍ਹਾਂ ਨੂੰ ਲੁਧਿਆਣਾ ਤੋਂ ਲੈ ਲਾਹੌਰ ਚਲੀ ਗਈ।
ਸਾਹਿਰ ਆਪਣੀ ਜ਼ਿੰਦਗੀ ‘ਚ ਆਪਣੀ ਮਾਂ ਦੇ ਬੇਹੱਦ ਕਰੀਬ ਸੀ। ਉਨ੍ਹਾਂ ਨੇ ਆਪਣੇ ਪਿਓ ਦੇ ਖ਼ਰਾਬ ਵਤੀਰੇ ਦੇ ਪਏ ਪ੍ਰਭਾਅ ਕਾਰਨ ਸਾਹਿਰ ਨੇ ਵੱਡੇ ਹੋ ਕੇ ਲਿਖਿਆ:-
“ਔਰਤ ਨੇ ਜਨਮ ਦਿਆ ਮਰਦੋਂ ਨੇ ਉਸੇ ਬਾਜ਼ਾਰ ਦੀਆ
ਜਬ ਜੀਅ ਚਾਹਾ ਮਸਲਾ ਕੁਚਲਾ ਜਬ ਜੀ ਚਾਹਾ ਧੁਤਕਾਰ ਦੀਆ”
ਸਾਹਿਰ ਦੀ ਜ਼ਿੰਦਗੀ ਦੇ ਦੋ ਮੁੱਖ ਪਹਿਲੂ ਸੀ। ਇੱਕ ਸ਼ਾਇਰਾਨਾ ਅਤੇ ਇੱਕ ਆਸ਼ਿਕਾਨਾ। ਉਨ੍ਹਾਂ ਦੇ ਪਿਆਰ ਦੇ ਚਰਚੇ ਪੰਜਾਬੀ ਦੀ ਫੇਮਸ ਲੇਖਿਕਾ ਅੰਮ੍ਰਿਤਾ ਪ੍ਰੀਤਮ ਨਾਲ ਰਹੇ। ਸਾਹਿਰ ਨੇ ਸਾਰੀ ਜ਼ਿੰਦਗੀ ਇਸ਼ਕ ‘ਤੇ ਲਿਖਿਆ ਪਰ ਖ਼ੁਦ ਤਨਹਾ ਹੀ ਰਹੇ। ਅਜਿਹਾ ਨਹੀਂ ਕਿ ਉਨ੍ਹਾਂ ਨੂੰ ਇਸ਼ਕ ਇੱਕ ਵਾਰ ਹੀ ਹੋਇਆ। ਅੰਮ੍ਰਿਤਾ ਤੋਂ ਪਹਿਲਾਂ ਵੀ ਉਹ ਦੋ ਵਾਰ ਇਸ਼ਕ ਫਰਮਾ ਚੁੱਕੇ ਸੀ ਜੋ ਚੱਲ ਨਾ ਸਕਿਆ।
ਉਨ੍ਹਾਂ ਦੀ ਲੇਖਣੀ ‘ਚ ਕਈਂ ਥਾਵਾਂ ‘ਤੇ ਅੰਮ੍ਰਿਤਾ ਨਾਲ ਇੱਕ ਅਧੂਰੀ ਪ੍ਰੇਮ ਕਹਾਣੀ ਜੋ ਅਧੂਰੀ ਹੋਣ ਤੋਂ ਬਾਅਦ ਵੀ ਪੂਰੀ ਸੀ ਦੇਖਣ ਨੂੰ ਮਿਲਦੀ ਹੈ।
“ਵੋ ਅਫ਼ਸਾਨਾ ਜਿਸੇ ਅੰਜਾਮ ਤਕ ਲਾਨਾ ਨਾ ਹੋ ਮੁਸ਼ਕਿਲ
ਉਸੇ ਏਕ ਖ਼ੂਬਸੂਰਤ ਮੋੜ ਦੇ ਕਰ ਛੋੜਨਾ ਅੱਛਾ”
ਸਾਹਿਰ ਨੇ ਜ਼ਿੰਦਗੀ ਨੂੰ ਬੇਹੱਦ ਕਰੀਬ ਤੋਂ ਦੇਖਿਆ ਅਤੇ ਉਨ੍ਹਾਂ ਨੂੰ ਬਨਾਵਟੀ ਦੁਨੀਆ ਤੋਂ ਸਖ਼ਤ ਨਫਰਤ ਸੀ। ਇਸ ਦਾ ਜ਼ਿਰਕ ਵੀ ਉਨ੍ਹਾਂ ਨੇ ਆਪਣੀ ਲੇਖਣੀ ‘ਚ ਕੀਤਾ ਹੈ। ਸਾਹਿਰ ਦਾ ਮਨਣਾ ਸੀ ਕਿ ਕਿਸੇ ਵੀ ਮਰਦ ਲਈ ਇੱਕ ਚੰਗਾ ਇਨਸਾਨ ਬਣਨ ਦੀ ਪਹਿਲੀ ਅਤੇ ਆਖਰੀ ਸ਼ਰਤ ਇੱਕ ਔਰਤ ਦਾ ਸਨਮਾਨ ਕਰਨਾ ਅਤੇ ਉਸ ਦੀ ਭਾਵਨਾਵਾਂ ਦੀ ਕਦਰ ਕਰਨਾ ਹੈ।