ਮੁੰਬਈ: ਭਗੌੜੇ ਹੀਰਾ ਵਪਾਰੀ ਨੀਰਵ ਮੋਦੀ ਦਾ ਸਮੁੰਦਰ ਦੇ ਤਟ ’ਤੇ ਬਣਿਆ ਆਲੀਸ਼ਾਨ ਬੰਗਲਾ ਵਿਸਫੋਟਕ ਦਾ ਧਮਾਕਾ ਕਰ ਕੇ ਡੇਗ ਦਿੱਤਾ ਗਿਆ ਹੈ। ਰਾਏਗੜ੍ਹ ਦੇ ਜ਼ਿਲ੍ਹਾ ਕੁਲੈਕਟਰ ਵਿਜੈ ਸੂਰੀਆਵੰਸ਼ੀ ਨੇ ਕਿਹਾ ਕਿ ਇਹ ਨਿਯੰਤ੍ਰਿਤ ਧਮਾਕਾ ਸੀ। ਦੱਸ ਦੇਈਏ ਕਿ ਸੀਨੀਅਰ ਆਈਏਐਸ ਅਧਿਕਾਰੀ ਨੇ ਇਸ ਬੰਗਲੇ ਨੂੰ ਡੇਗਣ ਦੇ ਹੁਕਮ ਦਿੱਤੇ ਸੀ। ਬੰਗਲਾ ਵੱਡਾ ਹੋਣ ਕਰਕੇ ਇਸ ਨੂੰ ਧਮਾਕੇ ਰਾਹੀਂ ਡੇਗਣ ਦਾ ਫੈਸਲਾ ਕੀਤਾ ਗਿਆ ਸੀ।



ਮੰਗਲਵਾਰ ਨੂੰ ਬੰਗਲੇ ਵਿੱਚ ਧਮਾਕਾ ਲਾਉਣ ਲਈ ਪਿੱਲਰ ਵਿੱਚ ਥਾਂ ਬਣਾਉਣ ਲਈ ਮਸ਼ੀਨ ਦਾ ਇਸਤੇਮਾਲ ਕੀਤਾ ਗਿਆ। ਇਸ ਲਈ ਵਿਸ਼ੇਸ਼ ਤਕਨੀਕੀ ਮਾਹਰ ਬੁਲਾਇਆ ਗਿਆ ਸੀ। ਯਾਦ ਰਹੇ ਕਿ ਸੂਬਾ ਸਰਕਾਰ ਨੇ ਪਿਛਲੇ ਸਾਲ ਈਡੀ ਨੂੰ ਚਿੱਠੀ ਲਿਖ ਕੇ ਅਲੀਬਾਗ ਨੇੜੇ ਕਿਹਿਮ ਸਮੁੰਦਰੀ ਤਟ ’ਤੇ ਬਣਿਆ ਨੀਰਵ ਮੋਦੀ ਦਾ ਬੰਗਲਾ ਡੇਗਣ ਦੀ ਮਨਜ਼ੂਰੀ ਮੰਗੀ ਸੀ। ਈਡੀ ਨੇ ਇਸ ਜਾਇਦਾਦ ਨੂੰ ਕੁਰਕ ਕੀਤਾ ਸੀ।



ਸੂਰੀਆਵੰਸ਼ੀ ਮੁਤਾਬਕ ਬੰਗਲੇ ਦੇ ਅੰਦਰਲੇ ਸਾਮਾਨ ਦੀ ਨਿਲਾਮੀ ਕਰਵਾਈ ਜਾਏਗੀ। ਕੁਝ ਸਾਮਾਨ ਵੱਖਰਾ ਰੱਖਿਆ ਗਿਆ ਹੈ ਜੋ ਈਡੀ ਦੇ ਹਵਾਲੇ ਕੀਤਾ ਜਾਏਗਾ। ਦੱਸ ਦੇਈਏ ਕਿ 25 ਜਨਵਰੀ ਨੂੰ ਬੁਲਡੋਜ਼ਰ ਦੀ ਮਦਦ ਨਾਲ ਇਹ ਬੰਗਲਾ ਡੇਗਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ ਪਰ ਆਰਸੀਸੀ ਨਿਰਮਾਣ ਦੀ ਵਜ੍ਹਾ ਕਰਕੇ ਇਸ ਨੂੰ ਡੇਗਣ ਵਿੱਚ ਕਾਫੀ ਸਮਾਂ ਲੱਗ ਰਿਹਾ ਸੀ। ਫਿਰ ਇੰਜਨੀਅਰਾਂ ਨੇ ਬੰਗਲੇ ਨੂੰ ਵਿਸਫੋਟਕ ਧਮਾਕੇ ਨਾਲ ਡੇਗਣ ਦੀ ਸਲਾਹ ਦਿੱਤੀ ਸੀ।