ਚੰਡੀਗੜ੍ਹ: ਸਿੱਖਿਆ ਕਾਲਜਾਂ ਵਿੱਚ ਪਹਿਲੀ ਕਾਊਂਸਲਿੰਗ ਦੌਰਾਨ ਖਾਲੀ ਰਹੀਆਂ 9 ਹਜ਼ਾਰ ਤੋਂ ਵੱਧ ਸੀਟਾਂ ਭਰਨ ਲਈ 29 ਅਕਤੂਬਰ ਨੂੰ ਦੁਬਾਰਾ ਸਾਂਝਾ ਦਾਖ਼ਲਾ ਟੈਸਟ ਲਿਆ ਜਾਵੇਗਾ। ਬੀਐੱਡ ਦੇ ਸਾਂਝਾ ਦਾਖ਼ਲਾ ਟੈਸਟ ਲਈ ਆਨਲਾਈਨ ਅਰਜ਼ੀਆਂ ਦੇਣ ਦੀ ਤਰੀਕ 25 ਅਕਤੂਬਰ ਰੱਖੀ ਗਈ ਹੈ, ਜਦੋਂਕਿ ਪ੍ਰੀਖਿਆ ਫੀਸ ਅਗਲੇ ਦਿਨ ਤੱਕ ਭਰਾਈ ਜਾ ਸਕਦੀ ਹੈ। ਦਾਖ਼ਲਾ ਟੈਸਟ 29 ਅਕਤੂਬਰ ਨੂੰ ਹੋਵੇਗਾ ਤੇ ਨਤੀਜੇ ਦਾ ਐਲਾਨ ਅਗਲੇ ਦਿਨ ਕਰ ਦਿੱਤਾ ਜਾਵੇਗਾ। ਐਜੂਕੇਸ਼ਨ ਕਾਲਜਾਂ ਵਿੱਚ 23,970 ਸੀਟਾਂ ਹਨ, ਜਿਨ੍ਹਾਂ ਵਿੱਚੋਂ 9,206 ਸੀਟਾਂ ਖਾਲੀ ਰਹਿ ਗਈਆਂ ਸਨ। ਸਰਕਾਰ ਨੇ ਸਾਂਝਾ ਦਾਖ਼ਲਾ ਟੈਸਟ ਲੈਣ ਦੀ ਜ਼ਿੰਮੇਵਾਰੀ ਪੰਜਾਬ ਯੂਨੀਵਰਸਿਟੀ ਨੂੰ ਦਿੱਤੀ ਹੈ। ਇਸ ਸਾਂਝੇ ਦਾਖ਼ਲਾ ਟੈਸਟ ਰਾਹੀਂ ਪੰਜਾਬ ਯੂਨੀਵਰਸਿਟੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਪੰਜਾਬੀ ਯੂਨੀਵਰਸਿਟੀ ਸਮੇਤ ਪ੍ਰਾਈਵੇਟ ਯੂਨੀਵਰਸਿਟੀਆਂ ਵਿੱਚ ਖਾਲੀ ਪਈਆਂ ਸੀਟਾਂ ਭਰਨ ਦਾ ਮੌਕਾ ਮਿਲੇਗਾ।
ਸਾਂਝਾ ਦਾਖਲਾ ਟੈਸਟ ਵਿੱਚ ਪਾਸ ਅੰਕ 15 ਰੱਖੇ ਗਏ ਹਨ, ਜਦੋਂਕਿ ਰਾਖਵੇਂ ਵਰਗ ਦੇ ਵਿਦਿਆਰਥੀਆਂ ਲਈ ਇਹ ਅੰਕ 10 ਹਨ। ਬੀਐੱਡ ਦੀਆਂ ਕਲਾਸਾਂ ਪਹਿਲੀ ਨਵੰਬਰ ਤੋਂ ਸ਼ੁਰੂ ਕਰਨ ਦਾ ਟੀਚਾ ਰੱਖਿਆ ਗਿਆ ਹੈ ਤੇ ਐਜੂਕੇਸ਼ਨ ਕਾਲਜਾਂ ਨੂੰ ਭਰੀਆਂ ਸੀਟਾਂ ਦੀ ਜਾਣਕਾਰੀ 3 ਨਵੰਬਰ ਤੱਕ ਦੇਣ ਲਈ ਕਿਹਾ ਗਿਆ ਹੈ। ਐਜੂਕੇਸ਼ਨ ਕਾਲਜਾਂ ਵਾਸਤੇ ਭਰੀਆਂ ਸੀਟਾਂ ਦੀ ਗਿਣਤੀ ਦੱਸਣਾ ਪਹਿਲਾਂ ਹੀ ਲਾਜ਼ਮੀ ਕਰਾਰ ਦਿੱਤਾ ਗਿਆ ਹੈ।
ਪੰਜਾਬ ਵਿੱਚ ਤਿੰਨ ਸਰਕਾਰੀ ਤੇ 14 ਸਰਕਾਰੀ ਸਹਾਇਤਾ ਪ੍ਰਾਪਤ ਕਾਲਜਾਂ ਸਣੇ ਕੁੱਲ ੨੧੫ ਬੀਐੱਡ ਕਾਲਜ ਹਨ, ਜਿਨ੍ਹਾਂ ਵਿੱਚ ਬੀਐੱਡ ਦੀਆਂ ਕੁੱਲ 23,੭੯੦ ਸੀਟਾਂ ਹਨ। ਪੰਜਾਬ ਯੂਨੀਵਰਸਿਟੀ ਦੇ ਪ੍ਰੋਫੈਸਰ ਅਤੇ ਸਾਂਝਾ ਦਾਖ਼ਲਾ ਕਮੇਟੀ ਦੇ ਕੋਆਰਡੀਨੇਟਰ ਡਾ. ਜਤਿੰਦਰ ਗਰੋਵਰ ਨੇ ਦੱਸਿਆ ਕਿ ਇਮਤਿਹਾਨ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਹਨ ਤੇ ਪ੍ਰੀਖਿਆ ਕੇਂਦਰ ਸਿਰਫ਼ ਚੰਡੀਗੜ੍ਹ ਵਿੱਚ ਹੀ ਬਣਾਏ ਜਾਣਗੇ।