ਆਜ਼ਮਗੜ੍ਹ: ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਅੱਜ ਭਾਜਪਾ ਨੂੰ ਖੁੱਲ੍ਹੀ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਸ ਨੇ ਦਲਿਤਾਂ, ਆਦਿਵਾਸੀਆਂ ਤੇ ਪਛੜਿਆਂ ਬਾਰੇ ਆਪਣੀ ਸੋਚ ਨਹੀਂ ਬਦਲੀ ਤਾਂ ਉਹ ਹਿੰਦੂ ਧਰਮ ਛੱਡ ਕੇ ਬੋਧ ਧਰਮ ਅਪਣਾ ਲਵੇਗੀ।
ਮਾਇਆਵਤੀ ਨੇ ਪਾਰਟੀ ਦੀ ਰੈਲੀ ਵਿੱਚ ਕਿਹਾ ਕਿ ਬਾਬਾ ਸਾਹਿਬ ਅੰਬੇਦਕਰ ਨੇ ਹਿੰਦੂ ਧਰਮ ਦੀ ਵਰਣ ਵਿਵਸਥਾ ਤਹਿਤ ਦਲਿਤਾਂ ਤੇ ਦੱਬੇ-ਕੁਚਲੇ ਲੋਕਾਂ ਨਾਲ ਭੇਦਭਾਵ ਖ਼ਤਮ ਕਰਨ ਲਈ ਤਤਕਾਲੀ ਧਰਮ ਗੁਰੂਆਂ ਨੂੰ ਬੇਨਤੀ ਕੀਤੀ ਸੀ, ਜੋ ਨਹੀਂ ਹੋਇਆ। ਇਸੇ ਕਾਰਨ ਉਨ੍ਹਾਂ ਹਿੰਦੂ ਧਰਮ ਤਿਆਗ ਕੇ ਬੋਧ ਧਰਮ ਅਪਣਾ ਲਿਆ ਸੀ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਹਿੰਦੂ ਧਰਮ ਨੇ ਆਪਣੀਆਂ ਕਮੀਆਂ ਨੂੰ ਦੂਰ ਨਹੀਂ ਕੀਤਾ।
ਮਾਇਆਵਤੀ ਨੇ ਭਾਜਪਾ 'ਤੇ ਆਰ.ਐਸ.ਐਸ. ਦੇ ਜਾਤੀਵਾਦ ਏਜੰਡੇ ਨੂੰ ਅੱਗੇ ਵਧਾਉਂਦਿਆਂ ਹੈਦਰਾਬਾਦ ਵਿੱਚ ਰੋਹਿਤ ਵੇਮੁਲਾ ਕਾਂਡ ਤੇ ਗੁਜਰਾਤ ਵਿੱਚ ਊਨਾ ਕਾਂਡ ਕਰਵਾਏ ਜਾਣ ਦਾ ਇਲਜ਼ਾਮ ਲਾਇਆ।
ਮਾਇਆਵਤੀ ਨੇ ਕਿਹਾ ਕਿ ਜਦੋਂ ਉਨ੍ਹਾਂ ਇਸ ਮਸਲੇ ਨੂੰ ਰਾਜ ਸਭਾ ਵਿੱਚ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਬੋਲਣ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਭਾਜਪਾ ਦੇ ਲੋਕਾਂ ਨੇ ਦਲਿਤਾਂ ਵੋਟ ਨੂੰ ਆਪਣੇ ਨਾਲ ਰਲਾਉਣ ਲਈ ਇੱਕ ਦਲਿਤ ਨੂੰ ਰਾਸ਼ਟਰਪਤੀ ਬਣਾ ਦਿੱਤਾ, ਜਿਸ ਕਾਰਨ ਮਜਬੂਰੀ ਵਿੱਚ ਕਾਂਗਰਸ ਨੂੰ ਵੀ ਆਪਣਾ ਉਮੀਦਵਾਰ ਦਲਿਤ ਹੀ ਚੁਣਨਾ ਪਿਆ।