ਸ਼੍ਰੀਨਗਰ: ਹਿਜ਼ਬੁਲ ਮੁਜਾਹਿਦੀਨ ਦੇ ਅੱਤਵਾਦੀ ਸਈਅਦ ਸਲਾਹੂਦੀਨ ਦੇ ਮੁੰਡੇ ਸ਼ਾਹਿਦ ਯੁਸੂਫ ਨੂੰ ਐਨਆਈਏ ਨੇ ਗ੍ਰਿਫਤਾਰ ਕਰ ਲਿਆ ਹੈ। ਸ਼ਾਹਿਦ ਨੂੰ 2011 ਹਵਾਲਾ ਫੰਡਿੰਗ ਕੇਸ 'ਚ ਗ੍ਰਿਫਤਾਰ ਕਰ ਲਿਆ ਗਿਆ ਹੈ। ਸੁਰੱਖਿਆ ਫੋਰਸਾਂ ਲਈ ਇਹ ਵੱਡੀ ਕਾਮਯਾਬੀ ਮੰਨੀ ਜਾ ਰਹੀ ਹੈ। ਸੈਯਦ ਸਲਾਹੁਦੀਨ ਦਾ ਮੁੰਡਾ ਜੰਮੂ-ਕਸ਼ਮੀਰ ਸਰਕਾਰ ਦੇ ਖੇਤੀਬਾੜੀ ਡਿਪਾਰਟਮੈਂਟ 'ਚ ਜੂਨੀਅਰ ਇੰਜਨੀਅਰ ਹੈ।
ਦੱਸ ਦੇਈਏ ਕਿ ਕੁਝ ਮਹੀਨੇ ਪਹਿਲਾਂ ਸੁਰੱਖਿਆ ਏਜੰਸੀਆਂ ਨੇ ਅੱਤਵਾਦੀਆਂ ਦੇ ਰਿਸ਼ਤੇਦਾਰਾਂ ਤੇ ਹਵਾਲਾ ਰਾਹੀਂ ਉਨ੍ਹਾਂ ਨੂੰ ਪੈਸੇ ਪਹੁੰਚਾਉਣ ਵਾਲਿਆਂ ਖਿਲਾਫ ਆਪਣੀ ਸਖਤੀ ਵਧਾ ਦਿੱਤੀ ਸੀ। ਸਲਾਹੁਦੀਨ ਨੇ ਦੋ ਸ਼ਾਦੀਆਂ ਕੀਤੀਆਂ ਹਨ ਤੇ ਸ਼ਾਹਿਦ ਯੁਸੁਫ ਉਸ ਦੀ ਪਹਿਲੀ ਪਤਨੀ ਦਾ ਬੇਟਾ ਹੈ। ਹਿਜ਼ਬੁਲ ਚੀਫ ਆਪਣੀ ਦੂਜੀ ਪਤਨੀ ਨਾਲ ਪਾਕਿਸਤਾਨ 'ਚ ਰਹਿੰਦਾ ਹੈ। ਇਸੇ ਸਾਲ ਯੂਨਾਈਟਿਡ ਨੇਸ਼ਨ ਨੇ ਸਲਾਹੂਦੀਨ ਨੂੰ ਕੌਮਾਂਤਰੀ ਅੱਤਵਾਦੀ ਐਲਾਨਿਆ ਸੀ।
ਸਲਾਹੁਦੀਨ ਪਾਕਿਸਤਾਨ 'ਚ ਯੂਨਾਈਟਿਡ ਜੇਹਾਦ ਕੌਂਸਲ ਦਾ ਸਰਗਨਾ ਹੈ। ਉਸ 'ਤੇ ਭਾਰਤ 'ਚ ਕਈ ਅੱਤਵਾਦੀ ਹਮਲਿਆਂ 'ਚ ਸ਼ਾਮਲ ਹੋਣ ਦਾ ਇਲਜ਼ਾਮ ਹੈ। ਪਿਛਲੇ ਸਾਲ ਜਨਵਰੀ 'ਚ ਪਠਾਨਕੋਟ ਏਅਰਬੇਸ 'ਤੇ ਹਮਲੇ ਦੇ ਪਿੱਛੇ ਉਸ ਦੀ ਜਥੇਬੰਦੀ ਦਾ ਹੱਥ ਸੀ। ਅੱਤਵਾਦੀ ਜਥੇਬੰਦੀ ਜੈਸ਼-ਏ-ਮੁਹੰਮਦ ਵੀ ਸਲਾਹੁਦੀਨ ਦੀ ਜਥੇਬੰਦੀ ਦਾ ਹਿੱਸਾ ਹੈ।