ਨਵੀਂ ਦਿੱਲੀ: ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਦਿੱਲੀ ਪਹੁੰਚ ਗਏ ਹਨ। ਉਹ ਆਪਣੇ ਇਸ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਸ਼ਟਰਪਤੀ ਰਾਮਨਾਥ ਕੋਵਿੰਦ ਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਕਰਨਗੇ। ਗਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮਹੱਤਵਪੂਰਨ ਮੁੱਦਿਆਂ 'ਤੇ ਸਲਾਹ-ਮਸ਼ਵਰਾ ਕਰਨਗੇ। ਅਜਿਹੀ ਸੰਭਾਵਨਾ ਹੈ ਕਿ ਇਸ ਦੌਰਾਨ ਭਾਰਤ ਫੌਜੀ ਮਦਦ 'ਚ ਵਾਧਾ ਕਰਨ ਦੀ ਕਾਬੁਲ ਦੀ ਮੰਗ ਨੂੰ ਮਨਜ਼ੂਰ ਕਰ ਸਕਦਾ ਹੈ।  ਵਿਦੇਸ਼ ਮੰਤਰਾਲੇ ਨੇ ਜਾਣਕਾਰੀ ਦਿੱਤੀ ਕਿ ਗਨੀ ਅਤੇ ਮੋਦੀ ਵਿਚਾਲੇ ਆਪਸੀ ਹਿੱਤਾਂ ਨਾਲ ਸੰੰਬੰਧਤ ਕਈ ਅਹਿਮ ਮੁੱਦਿਆਂ 'ਤੇ ਵਿਸਥਾਰਪੂਰਵਕ ਚਰਚਾ ਹੋਵੇਗੀ।
ਅਫਗਾਨਿਸਤਾਨ, ਭਾਰਤ ਤੋਂ ਹਥਿਆਰਾਂ ਸਮੇਤ ਰੱਖਿਆ ਸਪਲਾਈ 'ਚ ਵਾਧੇ ਦੀ ਮੰਗ ਕਰ ਰਿਹਾ ਹੈ। ਸੂਤਰਾਂ ਮੁਤਾਬਕ ਅਫਗਾਨਿਸਤਾਨ ਦੀ ਮੰਗ ਨੂੰ ਭਾਰਤ ਮਨਜ਼ੂਰ ਕਰ ਸਕਦਾ ਹੈ ਅਤੇ ਇਸ ਤਰ੍ਹਾਂ ਦੀ ਮਦਦ ਦਾ ਐਲਾਨ ਕਰ ਸਕਦਾ ਹੈ। ਭਾਰਤ ਨੇ ਪਿਛਲੇ ਸਾਲ ਅਫਗਾਨਿਸਤਾਨ ਨੂੰ ਪਹਿਲੀ ਵਾਰ ਚਾਰ ਐੱਮ. ਆਈ.-24 ਲੜਾਕੂ ਹੈਲੀਕਾਪਟਰ ਪ੍ਰਦਾਨ ਕੀਤਾ ਸੀ। ਗਨੀ ਆਪਣੀ ਯਾਤਰਾ ਦੌਰਾਨ ਮੋਦੀ ਨਾਲ ਸਲਾਹ-ਮਸ਼ਵਰਾ ਕਰਨ ਤੋਂ ਇਲਾਵਾ ਵਪਾਰ ਭਾਈਚਾਰੇ ਨਾਲ ਵੀ ਗੱਲਬਾਤ ਕਰਨਗੇ ਅਤੇ ਨਵੀਂ ਦਿੱਲੀ 'ਚ ਇਕ ਮਸ਼ਹੂਰ ਥਿੰਕ ਟੈਂਕ 'ਚ ਭਾਸ਼ਣ ਦੇਣਗੇ।