ਨਵੀਂ ਦਿੱਲੀ: ਕੇਰਲ 'ਚ ਅਗਸਤ 'ਚ ਆਏ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਸੀ। ਹੜ੍ਹਾਂ ਤੋਂ ਬਾਅਦ ਦੇਸ਼ ਤੇ ਦੁਨੀਆ ਭਰ ਦੇ ਲੋਕਾਂ ਨੇ ਮਦਦ ਲਈ ਹੱਥ ਅੱਗੇ ਵਧਾਏ। ਦੂਜੇ ਸੂਬਿਆਂ ਦੀਆਂ ਸਰਕਾਰਾਂ, ਕੇਂਦਰ ਸਮੇਤ ਕਈ ਵੱਡੀਆਂ ਸੰਸਥਾਵਾਂ ਵੱਲੋਂ ਹੜ੍ਹ ਪੀੜਤਾਂ ਲਈ ਮਦਦ ਕੀਤੀ ਗਈ।


ਅਜਿਹੇ 'ਚ ਇੱਕ ਅਜਿਹੇ ਸ਼ਖ਼ਸ ਨੇ ਵੀ ਹੜ੍ਹ ਪੀੜਤਾਂ ਦੀ ਮਦਦ ਲਈ ਹੱਥ ਵਧਾਏ ਜਿਸ ਦੇ ਆਪਣੇ ਸਿਰ 'ਤੇ ਛੱਤ ਨਹੀਂ। ਦਰਅਸਲ ਭੀਖ ਮੰਗ ਕੇ ਪੇਟ ਭਰਨ ਵਾਲੇ ਇਸ ਸ਼ਖ਼ਸ ਨੇ ਭੀਖ 'ਚ ਇਕੱਠੇ ਕੀਤੇ 94 ਰੁਪਏ ਸੂਬੇ ਦੇ ਰਾਹਤ ਕੋਸ਼ 'ਚ ਦੇ ਦਿੱਤੇ।


ਇਰਾਟੂਪੇਟਾ ਨਗਰ ਪਾਲਿਕਾ ਦੇ ਸਾਬਕਾ ਅਧਿਕਾਰੀ ਟੀਐਮ ਰਸ਼ੀਦ ਨੇ ਫੇਸਬੁਕ 'ਤੇ ਦੱਸਿਆ ਕਿ ਕਿਸ ਤਰ੍ਹਾਂ ਭਿਖਾਰੀ ਨੇ 94 ਰੁਪਏ ਹੜ੍ਹ ਪੀੜਤਾਂ ਲਈ ਦੇ ਦਿੱਤੇ। ਰਸ਼ੀਦ ਨੇ ਫੇਸਬੁਕ ਪੋਸਟ 'ਚ ਲਿਖਿਆ ਕਿ ਕੋਚਾਯਮ ਦੇ ਰਹਿਣ ਵਾਲੇ ਮੋਹਨਨ ਚਾਰ ਕਿਲੋਮੀਟਰ ਪੈਦਲ ਚੱਲ ਕੇ ਉਨ੍ਹਾਂ ਘਰ ਪਹੁੰਚੇ। ਪੌੜੀਆਂ 'ਤੇ ਬਹਿ ਕੇ ਮੋਹਨਨ ਨੇ ਆਪਣੇ ਪੈਸੇ ਗਿਣਨ ਤੋਂ ਬਾਅਦ ਰਸ਼ੀਦ ਨੂੰ ਦਿੰਦਿਆਂ ਕਿਹਾ ਕਿ ਉਹ ਇੰਨੀ ਹੀ ਮਦਦ ਕਰ ਸਕਦੇ ਹਨ।


ਰਸ਼ੀਦ ਨੇ ਇਹ ਜਾਣਕਾਰੀ ਫੇਸਬੁਕ 'ਤੇ ਪੋਸਟ ਕਰਦਿਆਂ ਨਾਲ ਹੀ ਮੋਹਨਨ ਦੀ ਫੋਟੋ ਵੀ ਸ਼ੇਅਰ ਕੀਤੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮੱਛੀਆਂ ਵੇਚਣ ਵਾਲੀ ਲੜਕੀ ਨੇ ਆਪਣੀ ਜੀਵਨ ਭਰ ਦੀ ਜਮ੍ਹਾ ਪੂੰਜੀ ਡੇਢ ਲੱਖ ਰੁਪਏ ਰਾਹਤ ਕੋਸ਼ 'ਚ ਦੇ ਦਿੱਤੇ ਸਨ।


ਪਿਛਲੇ ਹਫਤੇ ਮਹਾਰਾਸ਼ਟਰ ਦੇ ਲਾਤੂਰ ਜ਼ਿਲ੍ਹੇ 'ਚ ਇਕ ਸਕੂਲ ਦੇ ਵਿਦਿਆਰਥੀਆਂ ਨੇ ਚਾਹ ਵੇਚ ਕੇ ਕੇਰਲ ਹੜ੍ਹ ਪੀੜਤਾਂ ਲਈ ਪੈਸੇ ਇਕੱਠੇ ਕੀਤੇ ਹਨ। ਸਕੂਲੀ ਬੱਚਿਆਂ ਨੇ ਮਦਦ ਲਈ 51 ਹਜ਼ਾਰ ਰੁਪਏ ਇਕੱਠੇ ਕਰਕੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਸੌਂਪੇ ਸਨ।