ਅਹਿਮਦਾਬਾਦ: ਪਾਟੀਦਾਰ ਲੀਡਰ ਹਾਰਦਿਕ ਪਟੇਲ ਨੇ ਆਪਣੀ ਅਣਮਿੱਥੀ ਭੁੱਖ ਹੜਤਾਲ ਦੇ ਨੌਵੇਂ ਦਿਨ ਆਪਣੀ ਵਸੀਅਤ ਜਾਰੀ ਕੀਤੀ ਹੈ। ਆਪਣੇ ਭਾਈਚਾਰੇ ਲਈ ਰਾਖਵੇਂ ਤੇ ਕਿਸਾਨਾਂ ਲਈ ਕਰਜ਼ਾ ਮੁਆਫ਼ੀ ਦੀ ਮੰਗ ਸਬੰਧੀ ਉਹ ਬੀਤੀ 25 ਅਗਸਤ ਤੋਂ ਭੁੱਖ ਹੜਤਾਲ ’ਤੇ ਹਨ।

ਵਸੀਅਤ ਵਿੱਚ ਪਟੇਲ ਨੇ ਆਪਣੇ ਮਾਤਾ-ਪਿਤਾ, ਇੱਕ ਭੈਣ, 2015 ਵਿੱਚ ਕੋਟਾ ਅੰਦੋਲਨ ਦੌਰਾਨ ਮਾਰੇ ਗਏ 14 ਨੌਜਵਾਨਾਂ ਦੇ ਪਰਿਵਾਰਾਂ ਤੇ ਆਪਣੇ ਪਿੰਡ ਦੇ ਨਜ਼ਦੀਕ ਇੱਕ ਪੰਜਰਾਪੋਲ (ਬਿਮਾਰ ਤੇ ਪੁਰਾਣੀਆਂ ਗਾਵਾਂ ਲਈ ਆਸ਼ਰਮ) ਵਿੱਚ ਆਪਣੀ ਜਾਇਦਾਦ ਦੀ ਵੰਡ ਕੀਤੀ ਹੈ।

ਇਸ ਤੋਂ ਇਲਾਵਾ ਆਪਣੀ ਮੌਤ ਦੇ ਬਾਅਦ ਪਟੇਲ ਨੇ ਆਪਣੀਆਂ ਅੱਖਾਂ ਦਾਨ ਕਰਨ ਦੀ ਵੀ ਇੱਛਾ ਜ਼ਾਹਰ ਕੀਤੀ ਹੈ। ਤ੍ਰਿਣਮੂਲ ਕਾਂਗਰਸ, ਰਾਕਾਂਪਾ ਤੇ ਰਾਜਦ ਸਣੇ ਵੱਖ-ਵੱਖ ਸਿਆਸੀ ਦਲਾਂ ਦੇ ਲੀਡਰਾਂ ਤੇ ਪ੍ਰਤੀਨਿਧੀਆਂ ਨੇ ਪਿਛਲੇ 9 ਦਿਨਾਂ ਦੌਰਾਨ ਪਟੇਲ ਨਾਲ ਮੁਲਾਕਾਤ ਕੀਤੀ ਹੈ। ਹਾਲਾਂਕਿ ਬੀਜੇਪੀ ਸਰਕਾਰ ਨੇ ਹਾਲੇ ਤਕ ਇਸ ਸਬੰਧੀ ਕੋਈ ਦਖ਼ਲ ਨਹੀਂ ਦਿੱਤਾ।

ਦੱਸਿਆ ਜਾ ਰਿਹਾ ਹੈ ਕਿ ਪਟੇਲ ਦੀ ਸਿਹਤ ਵਿਗੜ ਰਹੀ ਹੈ। ਪਿਛਲੇ 9 ਦਿਨਾਂ ਤੋਂ ਭੁੱਖ ਹੜਤਾਲ ਕਰਕੇ ਉਨ੍ਹਾਂ ਕੁਝ ਨਹੀਂ ਖਾਧਾ। ਪਿਛਲੇ 36 ਘੰਟਿਆਂ ਤੋਂ ਉਨ੍ਹਾਂ ਪਾਣੀ ਤਕ ਨਹੀਂ ਪੀਤਾ। ਆਪਣੀ ਖਰਾਬ ਸਿਹਤ ਨੂੰ ਵੇਖਦਿਆਂ ਤੇ ਡਾਕਟਰਾਂ ਨਾਲ ਵਿਚਾਰ ਕਰਨ ਬਾਅਦ ਪਟੇਲ ਨੇ ਇਹ ਵਸੀਅਤ ਤਿਆਰ ਕਰਵਾਈ ਹੈ।