ਕੇਰਲ: ਹੜ੍ਹਾਂ ਦੀ ਮਾਰ ਸਹਿਣ ਤੋਂ ਬਾਅਦ ਕੇਰਲ ਵਸਨੀਕਾਂ ਨੂੰ ਇੱਕ ਹੋਰ ਚੁਣੌਤੀ ਨਾਲ ਨਜਿੱਠਣਾ ਪੈ ਰਿਹਾ ਹੈ। ਦਰਅਸਲ ਕੇਰਲ 'ਚ ਖਤਰਨਾਕ ਬਿਮਾਰੀ ਰੈਟ ਵਾਇਰਸ ਨੇ ਦਸਤਕ ਦਿੱਤੀ ਹੈ। 20 ਅਗਸਤ ਤੋਂ ਬਾਅਦ ਹੁਣ ਤੱਕ ਇਸ ਵਾਇਰਸ ਦੀ ਲਪੇਟ 'ਚ ਆਉਣ ਤੋਂ ਬਾਅਦ 43 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੱਲ੍ਹ ਇਸ ਬਿਮਾਰੀ ਨੇ 10 ਲੋਕਾਂ ਨੂੰ ਆਪਣੀ ਲਪੇਟ 'ਚ ਲਿਆ ਜਿਸ ਤੋਂ ਬਾਅਦ ਕੇਰਲ ਦੇ ਕਾਸਰਗੋਡ ਜ਼ਿਲ੍ਹੇ ਨੂੰ ਛੱਡ ਕੇ ਬਾਕੀ 13 ਜ਼ਿਲ੍ਹਿਆਂ 'ਚ ਹਾਈ ਅਲਰਟ ਐਲਾਨ ਦਿੱਤਾ ਗਿਆ ਹੈ।


ਇਸ ਬਿਾਮਰੀ ਦੇ ਲੱਛਣਾਂ ਦੀ ਗੱਲ ਕਰੀਏ ਤਾਂ ਇਸ 'ਚ ਤੇਜ਼ ਬੁਖਾਰ, ਸਿਰਦਰਦ, ਠੰਢ ਲੱਗਣਾ, ਪੇਟ ਦਰਦ, ਖਾਜ ਸ਼ਾਮਲ ਹੈ। ਕਿਡਨੀ ਤੇ ਲਿਵਰ ਦੀ ਬਿਮਾਰੀ ਨਾਲ ਜੂਝ ਰਹੇ ਲੋਕਾਂ ਨੂੰ ਇਹ ਆਸਾਨੀ ਨਾਲ ਨਿਸ਼ਾਨਾ ਬਣਾਉਂਦਾ ਹੈ।


ਸੂਬਾ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਇਸ ਦੀ ਰੋਕਥਾਮ ਲਈ ਹਰ ਸੰਭਵ ਕਦਮ ਚੁੱਕੇ ਜਾ ਰਹੇ ਹਨ। ਹੜ੍ਹਾਂ ਦੇ ਪਾਣੀ ਦੇ ਸੰਪਰਕ 'ਚ ਆਉਣ ਵਾਲੇ ਲੋਕਾਂ ਨੂੰ ਸਰਕਾਰ ਨੇ ਜ਼ਿਆਦਾ ਸਾਵਧਾਨ ਰਹਿਣ ਲਈ ਕਿਹਾ ਹੈ।


ਇਸ ਤੋਂ ਇਲਾਵਾ ਸਫਾਈ ਦੇ ਕੰਮ 'ਚ ਲੱਗੇ ਲੋਕਾਂ ਨੂੰ 'ਡਾਕਸੀਸਾਇਲਿਨ' ਦੀ ਦਵਾਈ ਲੈਣ ਲਈ ਕਿਹਾ ਗਿਆ ਹੈ। ਸਰਕਾਰ ਨੇ ਹਿਦਾਇਤਾਂ ਦਿੰਦਿਆਂ ਖੁਦ ਦਵਾਈ ਲੈਣ ਤੋਂ ਮਨ੍ਹਾ ਕੀਤਾ ਹੈ। ਸਿਹਤ ਕੇਂਦਰਾਂ ਤੇ ਸਰਕਾਰੀ ਹਸਪਤਾਲਾਂ 'ਚ ਲੋੜ ਤੋਂ ਵੱਧ ਦਵਾਈਆਂ ਮੌਜੂਦ ਹਨ।