ਨਵੀਂ ਦਿੱਲੀ: ਕਾਂਗਰਸ ਨੇ ਪਾਰਟੀ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੇ ਜੀਜਾ ਤੇ ਕਾਰੋਬਾਰੀ ਰਾਬਰਟ ਵਾਡਰਾ ਵਿਰੁੱਧ ਕੇਸ ਦਰਜ ਹੋਣ ਨੂੰ ਰਾਫ਼ੇਲ ਡੀਲ ਮੋਦੀ ਸਰਕਾਰ ਵਿਰੁੱਧ ਬੋਲਣ ਦਾ ਨਤੀਜਾ ਕਰਾਰ ਦਿੱਤਾ। ਕਾਂਗਰਸ ਨੇ ਇਹ ਵੀ ਦੋਸ਼ ਲਾਇਆ ਕਿ ਸੋਨੀਆ ਗਾਂਧੀ ਦੇ ਦਾਮਾਦ ਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵਿਰੁੱਧ ਕੇਸ ਦਰਜ ਕਰ ਕੇ ਮੋਦੀ ਸਰਕਾਰ ਦੇਸ਼ ਦਾ ਧਿਆਨ ਕਈ ਰਾਫ਼ੇਲ ਘਪਲੇ ਤੇ ਨੋਟਬੰਦੀ ਵਰਗੇ ਮੁੱਦਿਆਂ ਤੋਂ ਹਟਾਉਣਾ ਚਾਹੁੰਦੀ ਹੈ।


ਕਾਂਗਰਸ ਦੇ ਬੁਲਾਰੇ ਰਣਜੀਪ ਸੁਰਜੇਵਾਲਾ ਨੇ ਕਿਹਾ ਹੈ ਕਿ ਸਰਕਾਰ ਨੇ ਵਾਡਰਾ ਤੇ ਹੁੱਡਾ ਵਿਰੁੱਧ ਜ਼ਮੀਨ ਘੁਟਾਲੇ ਦੇ ਦੋਸ਼ ਹੇਠ ਐਫਆਈਆਰ ਰਾਫ਼ੇਲ ਜਹਾਜ਼ ਘੁਟਾਲੇ ਅਤੇ ਨੋਟਬੰਦੀ ਵਰਗੇ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਕੀਤੀ ਹੈ। ਸੂਰਜੇਵਾਲਾ ਨੇ ਕਿਹਾ ਹੈ ਕਿ ਅਗਲੇ ਸਾਲ ਚਾਰ ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਤੇ ਉਸ ਤੋਂ ਬਾਅਦ ਆਮ ਚੋਣਾਂ ਹੋਣੀਆਂ ਹਨ ਤੇ ਇਹ ਕਾਰਵਾਈ ਭਾਜਪਾ ਦੀ ਅਗਵਾਈ ਵਾਲੀ ਮੋਦੀ ਸਰਕਾਰ ਵੱਲੋਂ ਚਲਾਈ ਜਾ ਰਹੀ ਜਾਅਲੀ ਅਤੇ ਝੂਠੀਆਂ ਖ਼ਬਰਾਂ ਦੀ ਫੈਕਟਰੀ ਦੇ ਘਟੀਆ ਹੱਥਕੰਡੇ ਵਰਤਣ ਦੀ ਨਵੀਂ ਕਾਢ ਹੈ।

ਬੁਲਾਰੇ ਨੇ ਕਿਹਾ ਕਿ ਸਰਕਾਰ ਆਪਣੇ ਰਾਜਸੀ ਵਿਰੋਧੀਆਂ ਨੂੰ ਬਦਨਾਮ ਕਰਨ ਲਈ ਝੂਠੀਆਂ ਤੇ ਜਾਅਲੀ ਐੱਫਆਈਆਰਜ਼ ਦਰਜ ਕਰਕੇ ‘ਮਨਘੜਤ ਝੂਠ’ ਪਰੋਸ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਮੋਦੀ ਸਰਕਾਰ ਵੱਲੋਂ ਕੀਤੇ ਰਾਫ਼ੇਲ ਘੁਟਾਲੇ, ਨੋਟਬੰਦੀ ਘੁਟਾਲੇ ਅਤੇ ਤੇਲ ਕੀਮਤਾਂ ਵਿੱਚ ਵਾਧਾ ਕਰਕੇ 12 ਲੱਖ ਕਰੋੜ ਦੀ ਕੀਤੀ ਕਥਿਤ ਲੁੱਟ ਅਤੇ ਰੁਪਏ ਦੀ ਨਿਰੰਤਰ ਘੱਟ ਰਹੀ ਕੀਮਤ ਵਰਗੇ ਮੁੱਦਿਆਂ ਤੋਂ ਦੇਸ਼ ਵਾਸੀਆਂ ਦਾ ਧਿਆਨ ਲਾਂਭੇ ਕਰਨ ਕਰਨ ਲਈ ਕੀਤੀ ਕਾਰਵਾਈ ਹੈ ਪਰ ਦੇਸ਼ ਦੇ ਲੋਕ ਸਮਝਦਾਰ ਹਨ।