ਨਵੀਂ ਦਿੱਲੀ: ਸਾਲ 2019 ਦੀਆਂ ਲੋਕ ਸਭਾ ਚੋਣਾਂ 'ਚ ਇੱਕ ਵੱਡਾ ਮੁੱਦਾ ਬੁਲੇਟ ਟ੍ਰੇਨ ਹੋਵੇਗੀ। ਜਿੱਥੇ ਮੋਦੀ ਸਰਕਾਰ ਇਸ ਨੂੰ ਵੱਡੀ ਪ੍ਰਾਪਤੀ ਦੱਸ ਰਹੀ ਹੈ, ਉੱਥੇ ਹੀ ਵਿਰੋਧੀ ਧਿਰ ਇਸ ਨਾਲ ਜੁੜੀਆਂ ਲੋਕਾਂ ਦੀਆਂ ਸ਼ਿਕਾਇਤਾਂ ਸਾਹਮਣੇ ਲੈ ਕੇ ਆ ਰਹੀ ਹੈ। ਮੋਦੀ ਸਰਕਾਰ ਨੂੰ ਇਸ ਗੱਲ਼ ਲਈ ਵੀ ਘੇਰਿਆ ਜਾ ਰਿਹਾ ਹੈ ਕਿ ਭਾਰਤੀ ਰੇਲਵੇ ਦਾ ਮਾੜਾ ਹਾਲ ਹੈ। ਪਹਿਲਾਂ ਉਸ ਵਿੱਚ ਸੁਧਾਰ ਦੀ ਲੋੜ ਹੈ।


ਬੁਲੇਟ ਟ੍ਰੇਨ ਦੀ ਇਸ ਪੱਖੋਂ ਵੀ ਅਲੋਚਨਾ ਹੋ ਰਹੀ ਹੈ ਕਿ ਦੇਸ਼ ਵਿੱਚ ਅਜੇ ਲੋਕ ਭੁੱਖੇ ਮਰ ਰਹੇ ਹਨ। ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਇਸ ਲਈ ਬੁਲੇਟ ਟ੍ਰੇਨ ਦੀ ਥਾਂ ਇਨ੍ਹਾਂ ਕੰਮਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਇਸ ਦੇ ਬਾਵਜੂਦ ਮੋਦੀ ਸਰਕਾਰ ਬੁਲੇਟ ਟ੍ਰੇਨ ਲਈ ਦ੍ਰਿੜ ਹੈ।


ਅਜਿਹੇ 'ਚ ਅਹਿਮਦਾਬਾਦ ਤੋਂ ਮੁੰਬਈ ਤੱਕ ਯਾਤਰਾ ਕਰਕੇ ਦੇਖਿਆ ਗਿਆ ਕਿ ਨੀਂਹ ਪੱਥਰ ਤੋਂ ਇੱਕ ਸਾਲ ਬਾਅਦ ਹੁਣ ਤੱਕ ਬੁਲੇਟ ਟ੍ਰੇਨ ਦਾ ਜ਼ਮੀਨੀ ਪੱਧਰ 'ਤੇ ਕਿੰਨਾ ਕੰਮ ਹੋਇਆ ਹੈ। ਦਰਅਸਲ 14 ਸਤੰਬਰ, 2017 ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੋ ਨੇ ਸਾਬਰਮਤੀ ਰੇਲਵੇ ਸਟੇਸ਼ਨ ਕੋਲ ਬੁਲੇਟ ਟ੍ਰੇਨ ਦੀ ਨੀਂਹ ਰੱਖੀ ਸੀ। ਇਸ ਜਗ੍ਹਾ 'ਤੇ ਬੁਲੇਟ ਟ੍ਰੇਨ ਦਾ ਪਹਿਲਾਂ ਸਟੇਸ਼ਨ ਹੋਵੇਗਾ।


ਇੱਥੇ ਸਟੇਸ਼ਨ ਬਣਾਉਣ ਦਾ ਮਕਸਦ ਇਹ ਹੈ ਕਿ ਇੱਥੋਂ ਯਾਤਰੀਆਂ ਨੂੰ ਚਾਰ ਤਰ੍ਹਾਂ ਦੇ ਆਵਾਜਾਈ ਦੇ ਸਾਧਨ ਪੈਦਲ ਦੂਰੀ 'ਤੇ ਮਿਲ ਜਾਣਗੇ ਜਿਸ ਨਾਲ ਉਨ੍ਹਾਂ ਦਾ ਸਫਰ ਸੌਖਾ ਹੋ ਜਾਵੇਗਾ। ਕਿਹਾ ਜਾ ਰਿਹਾ ਹੈ ਕਿ ਅਹਿਮਦਾਬਾਦ ਤੋਂ ਮੁੰਬਈ ਦਰਮਿਆਨ ਬੁਲੇਟ ਟਰੇਨ ਪ੍ਰਤੀ ਦਿਨ 70 ਗੇੜੇ ਲਾਵੇਗੀ। 20 ਮਿੰਟ ਦੇ ਫਰਕ ਨਾਲ ਬੁਲੇਟ ਟ੍ਰੇਨ ਮਿਲੇਗੀ।