ਊਟੀ: ਅਕਸਰ ਲੋਕ ਆਪਣੇ ਹਨੀਮੂਨ ਲਈ ਕੁਝ ਖਾਸ ਕਰਨਾ ਲੋਚਦੇ ਹਨ। ਇੰਗਲੈਂਡ ਤੋਂ ਭਾਰਤ ਹਨੀਮੂਨ ਮਨਾਉਣ ਆਏ ਜੋੜੇ ਨੇ ਵੀ ਕੁਝ ਅਜਿਹਾ ਹੀ ਕੀਤਾ। ਦਰਅਸਲ ਇਸ ਜੋੜੇ ਨੇ ਆਪਣੇ ਇਨ੍ਹਾਂ ਖਾਸ ਪਲਾਂ ਨੂੰ ਮਨਾਉਣ ਲਈ ਊਟੀ ਜਿਹੀ ਖੂਬਸੂਰਤ ਜਗ੍ਹਾ ਚੁਣੀ। ਇੱਥੋਂ ਤੱਕ ਪਹੁੰਚਣ ਲਈ ਜੋੜੇ ਨੇ ਮੇਟੂਪਾਲਾਯਾਮ (ਕੋਇੰਬਟੂਰ) ਤੋਂ ਉਧਾਗਾਮਾਨਡਲਮ (ਊਟੀ) ਪਹੁੰਚਣ ਲਈ ਪੂਰੀ ਟਰੇਨ ਹੀ ਸਪੈਸ਼ਲ ਤੌਰ 'ਤੇ ਬੁੱਕ ਕਰਵਾ ਲਈ।


ਇਸ ਜੋੜੇ ਨੇ ਨੀਲਗਿਰੀ ਪਹਾੜੀਆਂ ਦਾ ਨਜ਼ਾਰਾ ਦੇਖਣ ਲਈ ਊਟੀ ਨੂੰ ਜਾਣ ਵਾਲੀ ਪੂਰੀ ਟਰੇਨ ਤਿੰਨ ਲੱਖ ਰੁਪਏ 'ਚ ਬੁੱਕ ਕੀਤੀ। ਇਹ ਸਪੈਸ਼ਲ ਟਰੇਨ ਦੱਖਣੀ ਰੇਲਵੇ ਵੱਲੋਂ ਪੇਸ਼ ਕੀਤੀ ਗਈ ਸੀ। 30 ਸਾਲਾ ਗਰਾਹਮ ਵਿਲੀਅਮ ਲਿਨ ਤੇ ਉਸ ਦੀ 27 ਸਾਲਾ ਪਤਨੀ ਸਿਲਵੀਆ ਪਲਾਸਿਕ ਦਾ ਦੋ ਹਫਤੇ ਪਹਿਲਾਂ ਵਿਆਹ ਹੋਇਆ ਸੀ। ਵਿਆਹ ਤੋਂ ਬਾਅਦ ਹਨੀਮੂਨ ਲਈ ਉਹ ਭਾਰਤ ਪਹੁੰਚੇ।

ਪੂਰੀ ਟਰੇਨ ਬੁੱਕ ਕਰਨ 'ਤੇ ਉਨ੍ਹਾ ਕਿਹਾ ਕਿ ਆਪਣੇ ਹਨੀਮੂਨ ਪਲਾਨ ਦੌਰਾਨ ਉਨ੍ਹਾਂ ਨੇ ਇਹ ਸੋਚਿਆ ਸੀ ਕਿ ਸਪੈਸ਼ਲ ਟਰੇਨ ਬੁੱਕ ਕਰਾ ਕੇ ਊਟੀ ਪਹੁੰਚਣਾ ਆਪਣੇ ਆਪ 'ਚ ਰੋਮਾਂਟਿਕ ਹੋਵੇਗਾ। ਰੇਲਵੇ ਮੁਤਾਬਕ ਜੋੜੇ ਨੇ ਇਹ ਟਰੇਨ ਇੰਡੀਅਨ ਕੇਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਵੈਬਸਾਈਟ ਜ਼ਰੀਏ ਬੁੱਕ ਕੀਤੀ। ਰੇਲਵੇ ਨੇ ਪਹਾੜੀ ਇਲਾਕੇ 'ਚ ਸੈਪ-ਸਪਾਟੇ ਨੂੰ ਹੋਰ ਉਤਸ਼ਾਹਿਤ ਕਰਨ ਲਈ ਪਹਿਲੀ ਵਾਰ ਕੀਤੀ ਗਈ ਇਸ ਤਰ੍ਹਾਂ ਦੀ ਵਿਸ਼ੇਸ਼ ਬੇਨਤੀ ਨੂੰ ਸਵੀਕਾਰ ਕੀਤਾ। ਇਸ ਤੋਂ ਬਾਅਦ ਰੇਲਵੇ ਨੇ 120 ਸੀਟਾਂ ਦੀ ਸਮਰੱਥਾ ਵਾਲੀ ਰੇਲ ਗੱਡੀ ਦੀ ਪ੍ਰਵਾਨਗੀ ਜੋੜੇ ਨੂੰ ਦੇ ਦਿੱਤੀ।

ਸ਼ੁੱਕਰਵਾਰ ਨੂੰ ਇਸ ਜੋੜੇ ਨੂੰ ਮੈਟੂਪਾਲਾਯਾਮ ਰੇਲਵੇ ਸਟੇਸ਼ਨ 'ਤੇ ਪਹੁੰਚਣ ਤੋਂ ਬਾਅਦ ਰੇਲਵੇ ਮੈਨੇਜਰ ਵੱਲੋਂ ਰਿਸੈਪਸ਼ਨ ਦਿੱਤੀ ਗਈ ਕਿਉਂਕਿ ਅਜਿਹੀ ਖਾਸ ਸੇਵਾ ਲੈਣ ਵਾਲਾ ਇਹ ਪਹਿਲਾ ਜੋੜਾ ਸੀ। ਇਹ ਟਰੇਨ ਮੈਟੂਪਾਲਾਯਾਮ ਤੋਂ ਸਵੇਰੇ 9ਵਜ ਕੇ 10 ਮਿੰਟ ਤੇ ਚੱਲੀ ਤੇ ਬਾਅਦ ਦੁਪਹਿਰ ਦੋ ਵਜ ਕੇ 40 ਮਿੰਟ 'ਤੇ ਊਟੀ ਪਹੁੰਚੀ।