ਮਾਲਦਾ (ਬੰਗਾਲ): ਛੇੜਖਾਨੀ ਦੀਆਂ ਘਟਨਾਵਾਂ ਰੋਕਣ ਲਈ ਪੱਛਮ ਬੰਗਾਲ ਦੇ ਜ਼ਿਲ੍ਹਾ ਮਾਲਦਾ ਦੇ ਇੱਕ ਸਰਕਾਰੀ ਸਕੂਲ ਵੱਲੋਂ ਬੇਹੱਦ ਅਜੀਬ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਦੇ ਤਹਿਤ ਕੁੜੀਆਂ ਤੇ ਮੁੰਡੇ ਵੱਖ-ਵੱਖ ਦਿਨ ਸਕੂਲ ਵਿੱਚ ਪੜ੍ਹਨ ਆਉਣਗੇ। ਮਾਲਦਾ ਦੇ ਹਬੀਬਪੁਰ ਖੇਤਰ ਦੇ ਗਿਰਿਜਾ ਸੁੰਦਰੀ ਵਿਦਿਆ ਮੰਦਰ ਦੇ ਫੈਸਲੇ 'ਤੇ ਪ੍ਰਸ਼ਾਸਨ ਨੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਇਸ ਕਦਮ ਨੂੰ 'ਅਜੀਬ' ਦੱਸਦਿਆਂ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ।


ਇਸ ਸਕੂਲ ਦੇ ਮੁਖੀ ਰਵਿੰਦਰਨਾਥ ਪਾਂਡੇ ਨੇ ਦੱਸਿਆ ਕਿ ਛੇੜਖਾਨੀ ਦੀਆਂ ਕਈ ਘਟਨਾਵਾਂ ਸਾਹਮਣੇ ਆਉਣ ਬਾਅਦ ਸਕੂਲ ਇਹ ਕਦਮ ਚੁੱਕਣ ਲਈ ਮਜਬੂਰ ਸੀ। ਉਨ੍ਹਾਂ ਦੱਸਿਆ ਕਿ ਇਸ ਫੈਸਲੇ ਮੁਤਾਬਕ ਸੋਮਵਾਰ, ਬੁੱਧਵਾਰ ਤੇ ਸ਼ੁੱਕਰਵਾਰ ਨੂੰ ਕੁੜੀਆਂ ਜਦਕਿ ਮੰਗਲਵਾਰ, ਵੀਰਵਾਰ ਤੇ ਸ਼ਨੀਵਾਰ ਨੂੰ ਮੁੰਡੇ ਸਕੂਲ ਵਿੱਚ ਪੜ੍ਹਨ ਆਉਣਗੇ।

ਉੱਧਰ ਸਿੱਖਿਆ ਮੰਤਰੀ ਪਾਰਥ ਚੈਟਰਜੀ ਨੇ ਵੀ ਇਸ ਮਾਮਲੇ ਵਿੱਚ ਜਾਂਚ ਦੇ ਹੁਕਮ ਦੇ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਫੈਸਲਿਆਂ ਦਾ ਕਦੀ ਵੀ ਸਮਰਥਨ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਅਧਿਕਾਰੀਆਂ ਨੂੰ ਇਸ ਮਾਮਲੇ ਦੀ ਜਾਂਚ ਕਰਨ ਲਈ ਕਿਹਾ ਹੈ। ਇਹ ਨਿਰਦੇਸ਼ ਤਤਕਾਲ ਵਾਪਿਸ ਲਿਆ ਜਾਏ।