ਬੰਗਲੁਰੂ: ਕਰਨਾਟਕ ਦੀ ਰਾਜਧਾਨੀ ਬੰਗਲੁਰੂ ਵਿੱਚ ਮਨੁੱਖਤਾ ਦੀ ਮਿਸਾਲ ਸਾਹਮਣੇ ਆਈ ਹੈ। ਸੜਕ ਕਿਨਾਰੇ ਲਾਵਾਰਸ ਹਾਲਤ ਵਿੱਚ ਮਿਲੀ ਨਵਜੰਮੇ ਬੱਚੀ ਨੂੰ ਇੱਕ ਮਹਿਲਾ ਕਾਂਸਟੇਬਲ ਨੇ ਆਪਣਾ ਦੁੱਧ ਪਿਆਇਆ। ਘਟਨਾ ਵੇਖ ਕੇ ਮੌਕੇ ’ਤੇ ਮੌਜੂਦ ਸਾਰੇ ਲੋਕ ਹੈਰਾਨ ਰਹਿ ਗਏ। ਜਾਣਕਾਰੀ ਮੁਤਾਬਕ ਇਸ ਬੱਚੀ ਨੂੰ ਹਾਲੇ ਤਕ ਮਹਿਲਾ ਤੇ ਬਾਲ ਵਿਕਾਸ ਵਿਭਾਗ ਹਵਾਲੇ ਨਹੀਂ ਕੀਤਾ ਗਿਆ। ਹਾਲੇ ਬੱਚੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।
ਦੱਸਿਆ ਜਾ ਰਿਹਾ ਹੈ ਕਿ ਕੋਈ ਨਮਜੰਮੀ ਬੱਚੀ ਨੂੰ ਸੜਕ ਕਿਨਾਲੇ ਲਾਵਾਰਸ ਹਾਲਤ ਵਿੱਚ ਛੱਡ ਕੇ ਚਲਾ ਗਿਆ ਜਿਸ ਦੇ ਬਾਅਦ ਉਸ ਨੂੰ ਕੀੜੀਆਂ ਨੇ ਨੋਚ-ਨੋਚ ਕੇ ਖਾਣਾ ਸ਼ੁਰੂ ਕਰ ਦਿੱਤਾ। ਲਹੂ ਲੁਹਾਨ ਹੋਈ ਬੱਚੀ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ। ਘਟਨਾ ਦੀ ਸੂਚਨਾ ਮਿਲਣ ਮਗਰੋਂ ਨਜ਼ਦੀਕੀ ਪੁਲਿਸ ਵੀ ਹਸਪਤਾਲ ਪਹੁੰਚ ਗਈ।
ਜਦੋਂ ਥਾਣੇ ਦੀ ਟੀਮ ਹਸਪਤਾਲ ਪਹੁੰਚ ਕੇ ਜਾਂਚ ਕਰ ਰਹੀ ਸੀ ਤਾਂ ਇਸੇ ਦੌਰਾਨ ਮਹਿਲਾ ਕਾਂਸਟੇਬਲ ਸੰਗੀਤਾ ਐਸ ਹਲਿਮਨੀ ਨੇ ਬੱਚੀ ਨੂੰ ਆਪਣਾ ਦੁੱਧ ਪਿਆਇਆ। ਸੰਗੀਤਾ ਦੇ ਹਸਪਤਾਲ ਜਾਣ ਤੋਂ ਪਹਿਲਾਂ ਬੱਚੀ ਨੂੰ ਫਾਮਿਊਰਲਾ ਦੁੱਧ ਤੇ ਆਈਵੀ ਫਲੂਡ (ਗਲੂਕੋਜ਼) ਦੇ ਕੇ ਕਿਸੇ ਤਰ੍ਹਾਂ ਜਿਊਂਦਾ ਰੱਖਿਆ ਗਿਆ ਸੀ।
ਮਹਿਲਾ ਪੁਲਿਸ ਜਵਾਨ ਸੰਗੀਤਾ ਨੇ ਇੱਕ ਅਖ਼ਬਾਰ ਨੂੰ ਦੱਸਿਆ ਕਿ ਉਸ ਬੱਚੀ ਨੇ ਉਸ ਨੂੰ ਉਸ ਦੀ ਧੀ ਦੀ ਯਾਦ ਦਿਵਾ ਦਿੱਤੀ। ਜਦੋਂ ਉਸ ਨੇ ਬੱਚੀ ਨੂੰ ਵੇਖਿਆ ਤਾਂ ਉਸ ਨੂੰ ਆਪਣਾ ਦੁੱਧ ਪਿਆਉਣ ਦੀ ਇੱਛਾ ਜਾਗੀ। ਉਸ ਨੇ ਡਾਕਟਰਾਂ ਨੂੰ ਇਸ ਬਾਰੇ ਪੁੱਛਿਆ। ਕੀੜੀਆਂ ਦੇ ਕੱਟਣ ਦੇ ਬਾਵਜੂਦ ਬੱਚੀ ਸਿਹਤਮੰਦ ਦਿਖ ਰਹੀ ਸੀ। ਸੰਗੀਤਾ ਖ਼ੁਦ 10 ਮਹੀਨਿਆਂ ਦੀ ਬੱਚੀ ਦੀ ਮਾਂ ਹੈ। ਉਸ ਨੇ ਕਾਫੀ ਦੇਰ ਤਕ ਬੱਚੀ ਨੂੰ ਆਪਣਾ ਦੁੱਧ ਪਿਆਇਆ।