ਨਵੀਂ ਦਿੱਲੀ: ਪਹਿਲੀ ਵਾਰ ਭਾਰਤ ਤੇ ਬੰਗਲਾਦੇਸ਼ ਦੇ ਜਵਾਨ ਆਹਮੋ-ਸਾਹਮਣੇ ਹੋਏ ਹਨ। ਗੱਲ਼ ਇੱਥੋਂ ਤੱਕ ਵਧ ਗਈ ਕਿ ਬੰਗਲਾਦੇਸ਼ ਦੇ ਸਰਹੱਦੀ ਸੁਰੱਖਿਆ ਦਸਤੇ ਦੇ ਜਵਾਨ ਵੱਲੋਂ ਏਕੇ-47 ਰਾਈਫਲ ਨਾਲ ਕੀਤੀ ਗਈ ਗੋਲੀਬਾਰੀ ਨਾਲ ਸੀਮਾ ਸੁਰੱਖਿਆ ਬਲ (ਬੀਐਸਐਫ) ਦੇ ਇੱਕ ਜਵਾਨ ਦੀ ਮੌਤ ਹੋ ਗਈ ਤੇ ਦੂਜਾ ਜ਼ਖ਼ਮੀ ਹੋ ਗਿਆ। ਭਾਰਤੀ ਸੁਰੱਖਿਆ ਬਲਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਵੱਲੋਂ ਇੱਕ ਵੀ ਗੋਲੀ ਨਹੀਂ ਚਲਾਈ ਗਈ ਬਾਰਡਰ ਗਾਰਡ ਬੰਗਲਾਦੇਸ਼ (ਬੀਜੀਬੀ) ਨੇ ਕਿਹਾ ਹੈ ਕਿ ਬੀਐਸਐਫ ਜਵਾਨ ’ਤੇ ਗੋਲੀ ਸਵੈ-ਰੱਖਿਆ ਵਿੱਚ ਚੱਲੀ ਸੀ।

ਇਸ ਤਣਾਅ ਮਗਰੋਂ ਬੀਐਸਐਫ ਮੁਖੀ ਵੀਕੇ ਜੌਹਰੀ ਵੱਲੋਂ ਬੰਗਲਾਦੇਸ਼ੀ ਹਮਰੁਤਬਾ ਮੇਜਰ ਜਨਰਲ ਸ਼ਫੀਨੁਲ ਇਸਲਾਮ ਨੂੰ ਹੌਟਲਾਈਨ ’ਤੇ ਕਾਲ ਕੀਤੀ ਗਈ। ਉਨ੍ਹਾਂ ਦੱਸਿਆ ਕਿ ਬੀਜੀਬੀ ਦੇ ਡਾਇਰੈਕਟਰ ਜਨਰਲ ਨੇ ਘਟਨਾ ਦੀ ਬਾਰੀਕੀ ਨਾਲ ਜਾਂਚ ਦਾ ਭਰੋਸਾ ਦਿੱਤਾ ਹੈ। ਇਸ ਘਟਨਾ ਦੀ ਗੂੰਜ ਭਾਰਤ ਦੀਆਂ ਉੱਚ ਸੁਰੱਖਿਆ ਏਜੰਸੀਆਂ ਤੱਕ ਪਈ ਹੈ। ਬੀਐਸਐਫ ਵੱਲੋਂ ਘਟਨਾ ਬਾਰੇ ਜਾਣਕਾਰੀ ਕੇਂਦਰੀ ਗ੍ਰਹਿ ਮੰਤਰਾਲੇ ਤੇ ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਨੂੰ ਦਿੱਤੀ ਜਾ ਰਹੀ ਹੈ।

ਕਾਬਲੇਗੌਰ ਹੈ ਕਿ ਪਿਛਲੇ ਕਈ ਦਹਾਕਿਆਂ ਤੋਂ 4096 ਕਿਲੋਮੀਟਰ ਲੰਬੀ ਕੌਮਾਂਤਰੀ ਸਰਹੱਦ ਦੀ ਰੱਖਿਆ ਕਰਦੇ ਬੀਐਸਐਫ ਤੇ ਬੀਜੀਬੀ ਦਸਤਿਆਂ ਵਿਚਾਲੇ ਬਹੁਤ ਸੁਖਾਵੇਂ ਸਬੰਧ ਹਨ। ਕਦੇ ਵੀ ਦੋਵਾਂ ਬਲਾਂ ਵਿਚਾਲੇ ਇੱਕ ਵੀ ਗੋਲੀ ਨਹੀਂ ਚੱਲੀ। ਭਾਰਤੀ ਅਧਿਕਾਰੀਆਂ ਮੁਤਾਬਕ ਬੀਐਸਐਫ ਵੱਲੋਂ ਤਿੰਨ ਮਛੇਰਿਆਂ ਨੂੰ ਪਦਮਾ ਦਰਿਆ ਵਿੱਚੋਂ ਭਾਰਤ ਵਾਲੇ ਪਾਸੇ ਮੱਛੀਆਂ ਫੜਨ ਦੀ ਇਜਾਜ਼ਤ ਦਿੱਤੀ ਗਈ ਸੀ। ਬੀਜੀਬੀ ਦੇ ਦਸਤੇ ਨੇ ਇਨ੍ਹਾਂ ਮਛੇਰਿਆਂ ਨੂੰ ਫੜ ਲਿਆ। ਕੁਝ ਸਮੇਂ ਬਾਅਦ ਬੀਜੀਬੀ ਨੇ ਦੋ ਮਛੇਰਿਆਂ ਨੂੰ ਛੱਡ ਦਿੱਤਾ ਤੇ ਉਨ੍ਹਾਂ ਨੂੰ ਕਿਹਾ ਕਿ ਉਹ ਜਾ ਕੇ ਬੀਐਸਐਫ ਨੂੰ ਦੱਸ ਦੇਣ ਕਿ ਤੀਜਾ ਮਛੇਰਾ ਉਨ੍ਹਾਂ ਦੀ ਹਿਰਾਸਤ ਵਿੱਚ ਹੈ।

ਇਸ ’ਤੇ 117ਵੀਂ ਬਟਾਲੀਅਨ ਦੇ ਬੀਐਸਐਫ ਪੋਸਟ ਕਮਾਂਡਰ ਨੇ ਪਦਮਾ ਦਰਿਆ ਰਾਹੀਂ ਛੇ ਮੈਂਬਰੀ ਟੀਮ ਸਣੇ ਮੋਟਰ-ਬੋਟ ਰਾਹੀਂ ਜਾ ਕੇ ਮਸਲੇ ਦੇ ਹੱਲ ਲਈ ਬੀਜੀਬੀ ਤੱਕ ਪਹੁੰਚ ਕੀਤੀ। ਉਨ੍ਹਾਂ ਦੱਸਿਆ ਕਿ ਬੀਜੀਬੀ ਦਸਤੇ ਦੇ ‘ਗੁੱਸੇ’ ਤੇ ‘ਘੇਰਾ ਪਾਉਣ ਦੀ ਮਨਸ਼ਾ’ ਨੂੰ ਭਾਂਪਦਿਆਂ ਬੀਐਸਐਫ ਟੀਮ ਨੇ ਆਪਣੀ ਮੋਟਰ ਬੋਟ ਵਾਪਸ ਮੋੜ ਲਈ ਤਾਂ ਬੀਜੀਬੀ ਜਵਾਨ ਸਈਦ ਨੇ ਆਪਣੀ ਏਕੇ-47 ਰਾਈਫਲ ਰਾਹੀਂ ਪਿੱਛੋਂ ਗੋਲੀਆਂ ਚਲਾ ਦਿੱਤੀਆਂ।

ਇੱਕ ਗੋਲੀ ਬੀਐਸਐਫ ਹੈੱਡ ਕਾਂਸਟੇਬਲ ਵਿਜੇ ਭਾਨ ਸਿੰਘ ਦੇ ਸਿਰ ਵਿੱਚ ਜਾ ਲੱਗੀ ਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਕਾਂਸਟੇਬਲ ਰਾਜਵੀਰ ਯਾਦਵ ਦੇ ਹੱਥ ’ਤੇ ਗੋਲੀ ਲੱਗੀ। ਜ਼ਖ਼ਮੀ ਕਾਂਸਟੇਬਲ ਨੇ ਕਿਸੇ ਤਰ੍ਹਾਂ ਕਿਸ਼ਤੀ ਨੂੰ ਡੁੱਬਣ ਤੋਂ ਬਚਾਇਆ ਤੇ ਭਾਰਤ ਵਾਲੇ ਪਾਸੇ ਲੈ ਆਇਆ।