ਨਵੀਂ ਦਿੱਲੀ: ਜੰਮੂ-ਕਸ਼ਮੀਰ ਵਿੱਚੋਂ ਧਾਰਾ 370 ਖ਼ਤਮ ਕੀਤੇ ਜਾਣ ਮਗਰੋਂ ਹੀ ਪਾਕਿਸਤਾਨ ਤੇ ਅੱਤਵਾਦੀ ਹਰ ਦਿਨ ਭਾਰਤ ਖਿਲਾਫ ਕੋਈ ਨਾ ਕੋਈ ਸਾਜਿਸ਼ ਰਚ ਰਹੇ ਹਨ। ਅੱਤਵਾਦੀ ਕਿਸੇ ਨਾ ਕਿਸੇ ਤਰੀਕੇ ਨਾਲ ਭਾਰਤ ਦੀ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੇ ਹਨ। ਖੁਫੀਆ ਏਜੰਸੀਆਂ ਨੇ ਅਜਿਹੀ ਹੀ ਇੱਕ ਹੋਰ ਸਾਜਿਸ਼ ਦਾ ਖੁਲਾਸਾ ਕੀਤਾ ਹੈ। ਸੂਤਰਾਂ ਮੁਤਾਬਕ, ਪਾਕਿਸਤਾਨ ਦੀ ਸੈਨਾ ਤੇ ਆਈਐਸਆਈ ਕਸ਼ਮੀਰ ‘ਚ ਅਫਗਾਨੀ ਮੂਲ ਦੇ ਅੱਤਵਾਦੀਆਂ ਨੂੰ ਭੇਜ ਰਹੀ ਹੈ। ਕਸ਼ਮੀਰ ‘ਚ ਕੁਝ ਅਜਿਹੇ ਅੱਤਵਾਦੀ ਵੇਖੇ ਗਏ ਹਨ ਜੋ ਉਰਦੂ ਤੇ ਕਸ਼ਮੀਰੀ ਨਹੀਂ ਬੋਲਦੇ।


ਖ਼ਬਰ ਇਹ ਵੀ ਹੈ ਕਿ ਪਾਕਿਸਤਾਨ ਦੇ ਖੈਬਰ ਪਖ਼ਤੂਨਖਵਾ ‘ਚ ਪਾਕਿ ਸੈਨਾ, ਆਈਐਸਆਈ ਤੇ ਅੱਤਵਾਦੀਆਂ ‘ਚ ਬੈਠਕ ਹੋਈ ਹੈ। ਬੈਠਕ ‘ਚ ਅੱਤਵਾਦੀਆਂ ਨੂੰ ਕਸ਼ਮੀਰ ‘ਚ ਫਿਦਾਇਨ ਹਮਲੇ ਲਈ ਕਿਹਾ ਗਿਆ ਹੈ। ਖੁਫੀਆ ਜਾਣਕਾਰੀ ਮਿਲਣ ਤੋਂ ਬਾਅਦ ਹੁਣ ਸੁਰੱਖਿਆ ਏਜੰਸੀਆਂ ਅਲਰਟ ‘ਤੇ ਹਨ ਤੇ ਕਸ਼ਮੀਰ ਘਾਟੀ ‘ਚ ਅਫਗਾਨੀ ਮੂਲ ਦੇ ਚਿਹਰੇ ਦੀ ਪਛਾਣ ਕਰਨ ਦੀ ਕੋਸ਼ਿਸ਼ ਹੋ ਰਹੀ ਹੈ।

ਪਿਛਲੇ ਦਿਨਾਂ ’ਚ ਅੱਤਵਾਦੀਆਂ ਨੇ ਕਸ਼ਮੀਰ ਤੋਂ ਬਾਹਰੋਂ ਆਏ ਲੋਕਾਂ ਨੂੰ ਨਿਸ਼ਾਨਾ ਬਣਾਇਆ ਹੈ ਤੇ ਤਿੰਨ ਲੋਕਾਂ ਦਾ ਕਤਲ ਕੀਤਾ ਹੈ। ਇਨ੍ਹਾਂ ‘ਚ ਦੋ ਨਾਗਰਿਕ ਪੰਜਾਬ ਦੇ ਵੀ ਸੀ ਜਿਨ੍ਹਾਂ ਨੂੰ ਦੋ ਦਿਨ ਪਹਿਲਾਂ ਹੀ ਅੱਤਵਾਦੀਆਂ ਨੇ ਗੋਲੀਆਂ ਮਾਰ ਦਿੱਤੀਆਂ।