ਨਵੀਂ ਦਿੱਲੀ: ਭਗਵੰਤ ਮਾਨ ਵੱਲੋਂ ਸੰਸਦ ਦੀ ਮੋਬਾਈਲ ਵੀਡੀਓ ਉੱਤੇ ਬਣਾਈ ਗਈ ਵੀਡੀਓ ਦੇ ਮਾਮਲੇ ਵਿੱਚ ਜਾਂਚ ਕਮੇਟੀ ਨੂੰ ਆਪਣੀ ਰਿਪੋਰਟ 9 ਦਸੰਬਰ ਨੂੰ ਸੌਂਪਣ ਲਈ ਆਖਿਆ ਹੈ।

ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਨੇ ਅੱਜ ਇੱਕ ਵਾਰ ਫਿਰ 9 ਮੈਂਬਰੀ ਸਦਨ ਦੀ ਕਮੇਟੀ ਨੂੰ ਪੂਰੇ ਮਾਮਲੇ ਦੀ ਰਿਪੋਰਟ ਦੇਣ ਲਈ ਇੱਕ ਹਫਤੇ ਦਾ ਹੋਰ ਸਮਾਂ ਦਿੱਤਾ ਹੈ। ਸਪੀਕਰ ਦੇ ਤਾਜ਼ਾ ਆਦੇਸ਼ ਤੋਂ ਬਾਅਦ ਭਗਵੰਤ ਮਾਨ ਹੁਣ 9 ਦਸੰਬਰ ਤੱਕ ਸੰਸਦ ਵਿੱਚ ਨਹੀਂ ਆ ਸਕਣਗੇ।

ਇਹ ਕਮੇਟੀ ਉਨ੍ਹਾਂ ਦੋਸ਼ਾਂ ਦੀ ਜਾਂਚ ਕਰਨ ਲਈ ਬਣਾਈ ਗਈ ਸੀ ਜਿਸ 'ਚ ਭਗਵੰਤ ਮਾਨ ਖਿਲਾਫ ਸੰਸਦ ਦੀ ਸੁਰੱਖਿਆ ਦੀ ਉਲੰਘਣਾ ਕਰਨ ਦੇ ਦੋਸ਼ ਲੱਗੇ ਸਨ। ਲੋਕ ਸਭਾ ਦੀ ਸਪੀਕਰ ਸਮਿੱਤਰਾ ਮਹਾਜਨ ਨੇ ਮਾਮਲੇ ਦੀ ਜਾਂਚ ਲਈ ਬੀਜੇਪੀ ਦੇ ਸਾਂਸਦ ਕੀਰਤ ਸਮੱਈਆ ਦੀ ਅਗਵਾਈ ਵਿੱਚ 9 ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ।

ਯਾਦ ਰਹੇ ਕਿ ਇਸ ਸਾਲ ਜੁਲਾਈ 'ਚ ਮਾਨਸੂਨ ਇਜਲਾਸ ਦੌਰਾਨ ਆਪ ਸੰਸਦ ਮੈਂਬਰ ਭਗਵੰਤ ਮਾਨ ਨੇ ਆਪਣੀ ਰਿਹਾਇਸ਼ ਤੋਂ ਲੈ ਕੇ ਸੰਸਦ ਤੱਕ ਦਾ ਵੀਡੀਓ ਕਲਿੱਪ ਬਣਾਇਆ ਸੀ ਜਿਸ ਤੋਂ ਬਾਅਦ ਸੰਸਦ ਦੀ ਸੁਰੱਖਿਆ ਨੂੰ ਲੈ ਕੇ ਵੱਡਾ ਵਿਵਾਦ ਖੜ੍ਹਾ ਹੋ ਗਿਆ ਸੀ