ਨਵੀਂ ਦਿੱਲੀ: ਬੀਜੇਪੀ ਲੀਡਰ ਸੁਬਰਾਮੰਨੀਅਮ ਸਵਾਮੀ ਆਪਣੇ ਬੇਬਾਕ ਅੰਦਾਜ ਲਈ ਜਾਣੇ ਜਾਂਦੇ ਹਨ। ਉਹ ਆਪਣੀ ਹੀ ਪਾਰਟੀ ਲੀਡਰਾਂ ਖਿਲਾਫ ਟਿੱਪਣੀਆਂ ਕਰਨ ਤੋਂ ਵੀ ਨਹੀਂ ਝਿਜਕਦੇ। ਸਵਾਮੀ ਨੇ ਨੋਟਬੰਦੀ ਦੇ ਮਸਲੇ 'ਤੇ ਆਪਣੀ ਹੀ ਪਾਰਟੀ ਦੇ ਸੀਨੀਅਰ ਲੀਡਰ ਤੇ ਦੇਸ਼ ਦੇ ਵਿੱਤ ਮੰਤਰੀ ਅਰੁਣ ਜੇਟਲੀ ਨੂੰ ਨਿਸ਼ਾਨੇ 'ਤੇ ਲਿਆ ਹੈ। ਏਬੀਪੀ ਨਿਊਜ਼ ਦੇ ਪ੍ਰੋਗਰਾਮ ਸ਼ਿਖਰ ਸੰਮੇਲਨ 'ਚ ਉਨ੍ਹਾਂ ਨੋਟਬੰਦੀ ਦੇ ਮੁੱਦੇ 'ਤੇ ਬੋਲਦਿਆਂ ਕਿਹਾ ਕਿ ਸਰਕਾਰ ਦੀ ਤਿਆਰੀ ਪੂਰੀ ਨਹੀਂ ਸੀ, ਇਸ ਪੂਰੇ ਮਾਮਲੇ ਲਈ ਦੇਸ਼ ਦੇ ਵਿੱਤ ਮੰਤਰੀ ਜਿੰਮੇਵਾਰ ਹਨ।
ਸਵਾਮੀ ਨੇ ਕਿਹਾ ਕਿ ਨੋਟਬੰਦੀ ਦੇ ਨਾਲ ਹੀ ਉਨ੍ਹਾਂ ਇਨਕਮ ਟੈਕਸ ਨੂੰ ਹਟਾਉਣ ਦੀ ਵੀ ਸਲਾਹ ਦਿੱਤੀ ਸੀ, ਜੇਕਰ ਅਜਿਹਾ ਹੁੰਦਾ ਤਾਂ ਇਸ ਦਾ ਸਿੱਧਾ ਲਾਭ ਜਨਤਾ ਨੂੰ ਮਿਲਦਾ। ਉਨ੍ਹਾਂ ਕਿਹਾ ਕਿ ਇਸ ਪੂਰੇ ਮਸਲੇ ਦੇ ਚੱਲਦੇ ਲੋਕਾਂ ਨੂੰ ਕਾਫੀ ਮੁਸ਼ਕਲ ਹੋਈ ਹੈ। ਹਾਲਾਂਕਿ ਸਵਾਮੀ ਨੇ ਇਹ ਵੀ ਕਿਹਾ ਕਿ ਇਸ ਕਦਮ ਦਾ 2019 'ਚ ਕੋਈ ਨੁਕਸਾਨ ਨਹੀਂ ਪਹੁੰਚੇਗਾ।