ਬਠਿੰਡਾ: ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਐਸਵਾਈਐਲ ਮੁੱਦੇ ਉੱਤੇ ਬੋਲਦਿਆਂ ਕਿਹਾ ਕਿ ਅਕਾਲੀ ਦਲ ਤੇ ਕਾਂਗਰਸ ਨੇ ਇਸ ਮੁੱਦੇ ਨੂੰ ਸਿਰਫ ਸਿਆਸੀ ਰੋਟੀਆਂ ਸੇਕਣ ਤਕ ਹੀ ਸੀਮਤ ਰੱਖਿਆ ਹੈ। ਉਨ੍ਹਾਂ ਕਿਹਾ ਕਿ ਕਪੂਰੀ ਵਿੱਚ ਜਦੋਂ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਐਸਵਾਈਐਲ ਦੇ ਨੀਂਹ ਪੱਥਰ ਲਈ ਟੱਕ ਲਾਉਣ ਆਏ ਸਨ ਤਾਂ ਕੈਪਟਨ ਅਮਰਿੰਦਰ ਸਿੰਘ ਚਾਂਦੀ ਦੀ ਕਹੀ ਤੇ ਚਾਂਦੀ ਦਾ ਬੱਠਲ ਲੈ ਕੇ ਗਏ ਸੀ। ਅੱਜ ਉਹੀ ਕੈਪਟਨ ਇਸ ਦਾ ਵਿਰੋਧ ਕਰ ਰਹੇ ਹਨ।


ਮਾਨ ਨੇ ਕਿਹਾ ਕਿ ਦੋਵੇਂ ਧਿਰ ਪਾਣੀਆਂ ਦੇ ਰਾਖੇ ਬਣੇ ਫਿਰਦੇ ਹਨ ਪਰ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ 25 ਸਾਲ ਬਾਅਦ ਪੰਜਾਬ ਮਾਰੂਥਲ ਬਣ ਜਾਏਗਾ। ਉਨ੍ਹਾਂ ਕਿਹਾ ਕਿ ਸਾਡੇ ਕੋਲ ਪਾਣੀ ਹੈ ਹੀ ਨਹੀਂ, ਜੇ ਪਾਣੀ ਹੁੰਦਾ ਤਾਂ ਅਸੀਂ ਹਰਿਆਣਾ ਨੂੰ ਦੇ ਦਿੰਦੇ। ਉਹ ਵੀ ਸਾਡਾ ਭਰਾ ਹੈ, ਨਾ ਕਿ ਕੋਈ ਦੁਸ਼ਮਣl ਉਨ੍ਹਾਂ ਦੱਸਿਆ ਕਿ 1978 ਵਿੱਚ ਬਾਦਲ ਸਾਹਿਬ ਨੇ ਐਸਵਾਈਐਲ ਦਾ ਸਰਵੇਖਣ ਕਰਨ ਦੀ ਇਜਾਜ਼ਤ ਦਿੱਤੀ ਸੀ ਤਾਂ ਦੇਵੀ ਲਾਲ ਕੋਲੋਂ ਇੱਕ ਕਰੋੜ ਰੁਪਏ ਦਾ ਚੈੱਕ ਲਿਆ ਸੀ।


ਉਨ੍ਹਾਂ ਕਿਹਾ ਕਿ ਜੋ ਕੰਮ ਬੰਸੀ ਲਾਲ ਤੇ ਭਜਨ ਲਾਲ ਨਹੀਂ ਕਰਾ ਸਕੇ, ਉਹ ਕੰਮ ਉਨ੍ਹਾਂ ਬਾਦਲ ਕੋਲੋਂ ਕਰਾ ਲਿਆ। ਐਸਵਾਈਐਲ ਸਰਵੇਖਣ ਦੀ ਇਜਾਜ਼ਤ ਮਿਲ ਗਈ, ਉਸ ਤੋਂ ਬਾਅਦ ਗੁੜਗਾਓਂ ਵਿੱਚ ਇਨ੍ਹਾਂ ਨੇ ਜ਼ਮੀਨ ਲਈ, ਜਿੱਥੇ ਮੌਜੂਦਾ ਬਾਦਲਾਂ ਦੇ ਹੋਟਲ ਚੱਲਦੇ ਹਨ, ਜੋ ਹੁਣ ਵੀ ਆਖ ਰਹੇ ਹਨ ਕਿ ਅਸੀਂ ਪਾਣੀਆਂ ਦੇ ਰਾਖੇ ਹਾਂ।


ਉਨ੍ਹਾਂ ਕਿਹਾ ਕਿ ਇਸ ਮੁੱਦੇ 'ਤੇ ਆਮ ਆਦਮੀ ਪਾਰਟੀ ਦਾ ਸਟੈਂਡ ਹੈ ਕਿ ਪਾਰਟੀ ਪੰਜਾਬ ਦੇ ਨਾਲ ਹੈ। ਉਨ੍ਹਾਂ ਸਾਫ ਕੀਤਾ ਕਿ ਜੋ ਪਾਕਿਸਤਾਨ ਨੂੰ ਪਾਣੀ ਤੋਂ ਬਿਨਾਂ ਲੀਕੇਜ਼ ਹੋ ਰਹੀ ਹੈ, ਜੇ ਉਹ ਲੀਕੇਜ ਬੰਦ ਕਰ ਦਿੱਤੀ ਜਾਵੇ ਤੇ ਹੋਰ ਦੂਸਰੇ ਬੰਨ੍ਹਾਂ ਤੋਂ ਹਰੀਕੇ ਪੱਤਣ ਨੂੰ ਰੋਕ ਲਿਆ ਜਾਵੇ ਤਾਂ ਬਾਕੀ ਸੂਬਿਆਂ ਨੂੰ ਵੀ ਪਾਣੀ ਦਿੱਤਾ ਜਾ ਸਕਦਾ ਹੈ। ਉਨ੍ਹਾਂ ਸਿਆਸਤਦਾਨਾਂ 'ਤੇ ਇਲਜ਼ਾਮ ਲਾਇਆ ਕਿ ਸਿਰਫ ਵੋਟਾਂ ਵੇਲੇ ਹੀ ਇਸ ਮੁੱਦੇ ਨੂੰ ਕੱਢਿਆ ਜਾਂਦਾ ਹੈ, ਉਸ ਤੋਂ ਬਾਅਦ ਫਿਰ ਬੰਦ ਕਰ ਦਿੱਤਾ ਜਾਂਦਾ ਹੈ।